ਪੱਤਰ ਪ੍ਰੇਰਕ
ਬਨੂੜ, 14 ਜਨਵਰੀ
ਤੰਗੌਰੀ ਪਿੰਡ ਦੀ ਵਾਲਮੀਕ ਭਾਈਚਾਰੇ ਦੀ ਮ੍ਰਿਤਕ ਮਹਿਲਾ ਦੀ ਅਰਥੀ ਗੋਡੇ-ਗੋਡੇ ਰਾਹ ਵਾਲੇ ਸ਼ਮਸ਼ਾਨਘਾਟ ਤੱਕ ਟਰਾਲੀ ਉੱਤੇ ਲੈ ਕੇ ਜਾਣ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪਿੰਡ ਦੀ ਪੰਚਾਇਤ ਨੇ ਕੱਚੇ ਰਸਤੇ ਦੇ ਮਾਮਲੇ ਨੂੰ ਠੀਕ ਕਰਾਉਣ ਦਾ ਭਰੋਸਾ ਦਿੱਤਾ ਹੈ। ਪਿੰਡ ਦੇ ਪੰਚਾਇਤ ਮੈਂਬਰਾਂ ਪਰਦੀਪ ਸਿੰਘ, ਕੇਵਲ ਸਿੰਘ, ਹਰਦੀਪ ਸਿੰਘ, ਬਲਦੇਵ ਸਿੰਘ, ਜਸਵਿੰਦਰ ਕੌਰ, ਹਰਗੁਣਦੀਪ ਕੌਰ, ਕੁਲਵਿੰਦਰ ਕੌਰ ਆਦਿ ਨੇ ਦੱਸਿਆ ਕਿ ਦਰਅਸਲ ਸ਼ਮਸ਼ਾਨਘਾਟ ਪਹਿਲਾਂ ਤੰਗੌਰੀ ਕਾਲਜ ਦੇ ਅੰਦਰ ਪੈਂਦਾ ਸੀ। ਉਨ੍ਹਾਂ ਕਿਹਾ ਕਿ ਤਬਾਦਲੇ ਦਾ ਕੰਮ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੁਕੰਮਲ ਨਾ ਹੋਣ ਕਾਰਨ ਸ਼ਮਸ਼ਾਨਘਾਟ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੀਆਂ ਤਕਨੀਕੀ ਅੜਚਣਾਂ ਦੂਰ ਕਰਕੇ ਵਾਲਮੀਕ ਭਾਈਚਾਰੇ ਦੇ ਸ਼ਮਸ਼ਾਨਘਾਟ ਅਤੇ ਸਮੁੱਚੇ ਰਸਤੇ ਨੂੰ ਪੱਕਾ ਕਰਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਤੰਗੌਰੀ ਦੇ ਵਿਕਾਸ ਲਈ ਸਵਾ ਕਰੋੜ ਦੀ ਰਾਸ਼ੀ ਦਿੱਤੀ: ਸਿੱਧੂ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪਿੰਡ ਤੰਗੌਰੀ ਦੇ ਵਿਕਾਸ ਲਈ ਸਵਾ ਕਰੋੜ ਤੋਂ ਵੱਧ ਦੀ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਪੰਚ ਅਤੇ ਪੰਚਾਂ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਕਾਰਨ ਵਿਕਾਸ ਕੰਮ ਰੁਕੇ ਹੋਏ ਸਨ ਪਰ ਹੁਣ ਦੋਹਾਂ ਧਿਰਾਂ ਵੱਲੋਂ ਪਿੰਡ ਵਿੱਚ ਵਿਕਾਸ ਦੇ ਵੱਡੀ ਪੱਧਰ ਉੱਤੇ ਕੰਮ ਕਰਾਏ ਜਾ ਰਹੇ ਹਨ।