ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੁਲਾਈ
ਕੇਂਦਰੀ ਸਿੱਖਿਆ ਮੰਤਰਾਲੇ ਨੇ ਦੇਸ਼ ਭਰ ਦੇ ਸਕੂਲਾਂ ਨੂੰ ਯੂ-ਡਾਈਸ ਪਲੱਸ ਦੇ ਵੇਰਵੇ ਤਸਦੀਕ ਕਰਨ ਦੀ ਹਦਾਇਤ ਕੀਤੀ ਹੈ। ਕੇਂਦਰ ਨੇ ਇਸ ਦੇ ਨਾਲ ਇਹ ਹਦਾਇਤ ਵੀ ਕੀਤੀ ਹੈ ਕਿ ਉਸ ਵੱਲੋਂ ਸੈਸ਼ਨ 2022-23 ਦੇ ਵੇਰਵੇ (ਫਰੀਜ਼) ਫਾਈਨਲ ਕਰ ਦਿੱਤੇ ਜਾਣਗੇ ਅਤੇ ਇਸ ਤੋਂ ਬਾਅਦ ਕਿਸੇੇ ਵੀ ਤਰ੍ਹਾਂ ਦੀ ਸੋਧ ਨਹੀਂ ਹੋ ਸਕੇਗੀ ਜਿਸ ਕਰ ਕੇ ਸਕੂਲਾਂ ਨੂੰ ਇਨ੍ਹਾਂ ਵੇਰਵਿਆਂ ਦੀ ਤਸਦੀਕ ਕਰਨ ਲਈ ਕਿਹਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਨਾਲ ਕੋਈ ਵੀ ਅਧਿਕਾਰੀ ਦੇਸ਼ ਭਰ ਦੇ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਆਧਾਰੀ ਢਾਂਚੇ ਬਾਰੇ ਜਾਣਕਾਰੀ ਇਕ ਕਲਿੱਕ ਨਾਲ ਹਾਸਲ ਕਰ ਸਕੇਗਾ। ਇਸ ਨਾਲ ਇਹ ਵੀ ਪਤਾ ਲੱਗੇਗਾ ਕਿ ਸਕੂਲਾਂ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਕੀ ਹੈ ਅਤੇ ਉਹ ਕਿਹੜੇ ਵਿਸ਼ਿਆਂ ਨੂੰ ਪੜ੍ਹਾ ਰਿਹਾ ਹੈ ਤੇ ਕਿੰਨੀ ਤਨਖਾਹ ਲੈ ਰਿਹਾ ਹੈ। ਇਹ ਪ੍ਰਾਜੈਕਟ ਯੂ-ਡਾਈਸ ਵੱਲੋਂ ਨਿਊਪਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਪ੍ਰਾਜੈਕਟ ਰਾਹੀਂ ਸਕੂਲ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਕੋਡ ਦਿੱਤਾ ਜਾਵੇਗਾ। ਕੋਡ ਰਾਹੀਂ ਅਧਿਕਾਰੀ ਅਧਿਆਪਕਾਂ ਬਾਰੇ ਜਾਣਕਾਰੀ ਲੈ ਸਕਣਗੇ।
ਵਿਦਿਆਰਥੀਆਂ ਦੀ ਵਜ਼ੀਫੇ ਵਿੱਚ ਸਹਾਈ ਹੋਵੇਗਾ ਪ੍ਰਾਜੈਕਟ
ਪ੍ਰਾਜੈਕਟ ਤਹਿਤ ਵਿਦਿਆਰਥੀਆਂ ਦੇ ਆਧਾਰ ਕਾਰਡ, ਪਿਤਾ ਦੀ ਆਮਦਨ, ਬੈਂਕਾਂ ਦੇ ਵੇਰਵੇ ਆਦਿ ਵੀ ਅਪਲੋਡ ਕਰਨੇ ਪੈਣਗੇ ਜਿਸ ਨਾਲ ਵਿਦਿਆਰਥੀਆਂ ਨੂੰ ਕੇਂਦਰ ਵੱਲੋਂ ਮਿਲਣ ਵਾਲੀਆਂ ਸਕਾਲਰਸ਼ਿਪ ਸਕੀਮਾਂ ਦੇ ਪੈਸੇ ਸਮੇਂ ਸਿਰ ਮਿਲਣਗੇ ਅਤੇ ਕੇਂਦਰ ਉਨ੍ਹਾਂ ਦੇ ਵੇਰਵਿਆਂ ਦੀ ਤਸਦੀਕ ਕਿਸੇ ਵੇਲੇ ਵੀ ਕਰ ਸਕੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਨਾਲ ਇਹ ਵੀ ਪਤਾ ਲੱਗੇਗਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਕੀ ਹੈ ਤੇ ਉਹ ਕਿਹੜੇ ਵਿਸ਼ੇ ਪੜ੍ਹਾ ਰਿਹਾ ਹੈ, ਇਸ ਕਰ ਕੇ ਉਸ ਵਿਸ਼ੇ ਦੀ ਪੱਕੀ ਨਿਯੁਕਤੀ ਕਰਨ ਵਿੱਚ ਸੌਖ ਹੋਵੇਗੀ।