ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਫਰਵਰੀ
ਕੇਂਦਰ ਸਰਕਾਰ ਨੇ ਯੂਟੀ ਦੇ ਸਿੱਖਿਆ ਅਧਿਕਾਰੀਆਂ ਦੀ ਵਿਦਿਆਰਥਣਾਂ ਦੇ ਵਜ਼ੀਫੇ ਸਬੰਧੀ ਵੇਰਵੇ ਸਮੇਂ ਸਿਰ ਨਾ ਭੇਜਣ ਕਾਰਨ ਜਵਾਬਤਲਬੀ ਕੀਤੀ ਹੈ। ਇਸ ਤੋਂ ਇਲਾਵਾ ਕੇਂਦਰ ਵੱਲੋਂ ਰਿਮਾਈਂਡਰ ਭੇਜਣ ਦੇ ਬਾਵਜੂਦ ਸਿੱਖਿਆ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਵਿਦਿਆਰਥਣਾਂ ਨੂੰ ਸੱਤ ਸਾਲਾਂ ਦੇ ਵਜ਼ੀਫੇ ਦੀ ਅਦਾਇਗੀ ਨਹੀਂ ਹੋਈ। ਇਸ ਸਬੰਧੀ ਕੇਂਦਰ ਵੱਲੋਂ ਸਿੱਖਿਆ ਵਿਭਾਗ ਨੂੰ ਲਿਖੇ ਪੱਤਰਾਂ ਦੀਆਂ ਕਾਪੀਆਂ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸਕੀਮ ਆਫ਼ ਇੰਸੈਂਟਿਵ ਟੂ ਗਰਲਜ਼ ਫਾਰ ਸੈਕੰਡਰੀ ਐਜੂਕੇਸ਼ਨ ਤਹਿਤ ਐੱਸਸੀ ਤੇ ਐੱਸਟੀ ਵਰਗ ਦੀਆਂ ਵਿਦਿਆਰਥਣਾਂ ਨੂੰ ਵਜ਼ੀਫੇ ਦੇ ਤਿੰਨ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਸਿੱਖਿਆ ਮੰਤਰਾਲੇ ਦੇ ਅਧੀਨ ਸਕੱਤਰ ਮੋਹਨ ਮੀਣਾ ਨੇ ਯੂਟੀ ਦੇ ਸਿੱਖਿਆ ਸਕੱਤਰ ਨੂੰ 3 ਸਤੰਬਰ 2020 ਵਿੱਚ ਪੱਤਰ ਲਿਖਿਆ ਸੀ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਸਾਲ 2012-13, 2013-14, 2014-15, 2015-16, 2016-17 ਤੇ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਆਧਾਰ ਕਾਰਡ, ਬੈਂਕ ਖਾਤੇ ਤੇ ਹੋਰ ਵੇਰਵੇ ਸਹੀ ਨਹੀਂ ਭੇਜੇ ਜਿਸ ਕਾਰਨ ਇਨ੍ਹਾਂ ਸਾਲਾਂ ਦੀ ਵਜ਼ੀਫੇ ਦੀ ਅਦਾਇਗੀ ਨਹੀਂ ਹੋ ਸਕੀ। ਇਸ ਤੋਂ ਬਾਅਦ ਵੀ ਸਿੱਖਿਆ ਵਿਭਾਗ ਨੇ ਸਬਕ ਨਹੀਂ ਲਿਆ ਤੇ ਵੇਰਵੇ ਨਹੀਂ ਭੇਜੇ ਜਿਸ ਕਾਰਨ ਕੇਂਦਰ ਸਰਕਾਰ ਦੇ ਡਿਪਟੀ ਸਕੱਤਰ ਸ੍ਰੀਕਲਾ ਪੀ ਵੇਣੂਗੋਪਾਲ ਨੇ ਛੇ ਜੁਲਾਈ 2021 ਨੂੰ ਦੁਬਾਰਾ ਸਿੱਖਿਆ ਵਿਭਾਗ ਨੂੰ ਪੱਤਰ ਲਿਖਿਆ ਕਿ ਉਨ੍ਹਾਂ ਨੇ ਇਹ ਵੇਰਵੇ ਹਾਲੇ ਤੱਕ ਨਹੀਂ ਭੇਜੇ ਤੇ ਪਹਿਲ ਦੇ ਆਧਾਰ ’ਤੇ ਵੇਰਵੇ ਭੇਜੇ ਜਾਣ। ਰਿਮਾਈਂਡਰ ਤੋਂ ਬਾਅਦ ਵੀ ਵੇਰਵੇ ਨਾ ਭੇਜਣ ਤੋਂ ਬਾਅਦ ਕੇਂਦਰ ਦੇ ਜੁਆਇੰਟ ਸਕੱਤਰ ਐੱਲ ਐੱਸ ਚਾਂਗਸਨ ਨੇ 21 ਜਨਵਰੀ 2022 ਨੂੰ ਵਿਭਾਗ ਨੂੰ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਇਹ ਵੇਰਵੇ ਜਲਦੀ ਭੇਜੇ ਜਾਣ। ਵਿਭਾਗ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਅਧਿਕਾਰੀ ਨੇ ਫੋਨ ’ਤੇ ਵੀ ਅਧਿਕਾਰੀਆਂ ਦੀ ਖਿਚਾਈ ਕੀਤੀ।
ਵਿਦਿਆਰਥਣਾਂ ਨੂੰ ਜਲਦੀ ਅਦਾਇਗੀ ਕੀਤੀ ਜਾਵੇਗੀ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਸਕੂਲਾਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਤੇ ਜਲਦੀ ਹੀ ਵਿਦਿਆਰਥਣਾਂ ਨੂੰ ਰਹਿੰਦੀ ਅਦਾਇਗੀ ਕਰ ਦਿੱਤੀ ਜਾਵੇਗੀ।
ਬਿਜਲੀ ਸਪਲਾਈ ਨਾ ਹੋਣ ਕਾਰਨ ਨਹੀਂ ਹੋਈ ਪੜ੍ਹਾਈ
ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਨਹੀਂ ਹੋਈ ਤੇ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਯੂਨਿਟ ਟੈਸਟ ਵੀ ਨਹੀਂ ਲਏ ਜਾ ਸਕੇ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10, 15, 16, 20ਬੀ ਤੇ ਡੀ, 30, 34, 35-ਡੀ, 36ਡੀ, 41ਏ, 45-ਸੀ, 47-ਏ, 50, ਪਲਸੌਰਾ, ਆਰਸੀ-1 ਧਨਾਸ, ਆਰਸੀ-2 ਧਨਾਸ, ਮਨੀਮਾਜਰਾ ਟਾਊਨ, ਮਨੀਮਾਜਰਾ ਕਲੋਨੀ ਆਦਿ ਸਕੂਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਪੜ੍ਹਾਈ ਪ੍ਰਭਾਵਿਤ ਹੋਈ। ਭਵਨ ਵਿਦਿਆਲਿਆ ਸਕੂਲ ਸੈਕਟਰ-33 ਵਿੱਚ ਬਿਜਲੀ ਨਾ ਹੋਣ ਕਾਰਨ ਆਨਲਾਈਨ ਜਮਾਤਾਂ ਨਹੀਂ ਲੱਗੀਆਂ। ਸਟਰਾਅਬੇਰੀ ਫੀਲਡਜ਼ ਸਕੂਲ ਦੇ ਡਾਇਰੈਕਟਰ ਅਤੁਲ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਗਾਊਂ ਸੂਚਨਾ ਭੇਜ ਦਿੱਤੀ ਸੀ ਪਰ ਉਨ੍ਹਾਂ ਦੇ ਸਕੂਲ ਵਿੱਚ ਬਿਜਲੀ ਨਹੀਂ ਗਈ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਅੱਜ ਬਿਜਲੀ ਨਾ ਹੋਣ ਕਾਰਨ ਵੱਡੀ ਗਿਣਤੀ ਵਿਦਿਆਰਥੀ ਪ੍ਰੇਸ਼ਾਨ ਹੋਏ ਤੇ ਭਲਕੇ ਕਈ ਸਕੂਲਾਂ ਵਿੱਚ ਪ੍ਰੀਖਿਆਵਾਂ ਹਨ ਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪ੍ਰਬੰਧ ਕਰਨੇ ਚਾਹੀਦੇ ਹਨ।