ਕਰਮਜੀਤ ਸਿੰਘ ਚਿੱਲਾ
ਬਨੂੜ, 9 ਜੂਨ
ਪਿੰਡ ਗੋਬਿੰਦਗੜ੍ਹ ਵਿੱਚ ਸ਼ਾਮਲਾਤ ਜ਼ਮੀਨ ਵਿੱਚ ਕਈ ਸਦੀਆਂ ਪੁਰਾਣਾ ਪਿੱਪਲ ਦਾ ਵਿਰਾਸਤੀ ਦਰੱਖ਼ਤ ਦੀਆਂ ਜੜ੍ਹਾਂ ਅੱਗ ਨਾਲ ਸੜਨ ਕਾਰਨ ਟੁੱਟ ਕੇ ਡਿੱਗ ਗਿਆ। ਇਸ ਪਿੱਪਲ ਉੱਤੇ ਸੈਂਕੜੇ ਪੰਛੀਆਂ ਦਾ ਰੈਣ ਬਸੇਰਾ ਸੀ ਤੇ ਸਾਰਾ ਪਿੱਪਲ ਪੰਛੀਆਂ ਦੇ ਆਲ੍ਹਣਿਆਂ ਨਾਲ ਭਰਿਆ ਪਿਆ ਸੀ। ਪਿੰਡ ਵਾਸੀਆਂ ਵਿੱਚ ਪਿੱਪਲ ਨੂੰ ਅੱਗ ਲਾਏ ਜਾਣ ਖ਼ਿਲਾਫ਼ ਭਾਰੀ ਰੋਸ ਹੈ ਤੇ ਉਨ੍ਹਾਂ ਮੁਹਾਲੀ ਦੇ ਐੱਸਡੀਐੱਮ ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਪਿੱਪਲ ਸਾੜੇ ਜਾਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡ ਦੇ ਵਸਨੀਕਾਂ ਡਾ. ਬਲਵਿੰਦਰ ਸਿੰਘ, ਜਗਦੀਸ਼ ਪੁਰੀ, ਦੀਪ ਚੰਦ, ਪਿਆਰਾ ਪੁਰੀ, ਜਸਵੀਰ ਪੁਰੀ, ਮੇਜਰ ਪੁਰੀ, ਸੋਨੀ ਪੁਰੀ, ਜੋਗਿੰਦਰ ਪੁਰੀ ਨੇ ਦੱਸਿਆ ਕਿ ਬੀਤੀ ਦਿਨੀਂ ਕਿਸੇ ਵਿਅਕਤੀ ਵੱਲੋਂ ਪਿੱਪਲ ਦੀ ਜੜ੍ਹ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਗ ਨਾਲ ਸੜਨ ਕਾਰਨ ਪਿੱਪਲ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਪਿੱਪਲ ਪੰਜ ਸੌ ਸਾਲ ਪੁਰਾਣਾ ਸੀ ਤੇ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਿੱਪਲ ਨੂੰ ਕਿਸੇ ਵਿਅਕਤੀ ਵੱਲੋਂ ਜਾਣ ਬੁੱਝ ਕੇ ਅੱਗ ਲਗਾਈ ਗਈ ਹੈ। ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।