ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਸਤੰਬਰ
ਪੰਜਾਬ ਯੂਨੀਵਰਸਿਟੀ ਵੱਲੋਂ ਸ਼ਹਿਰ ਦੇ ਕਾਲਜਾਂ ਵਿੱਚ ਕਾਮਨ ਐਂਟਰੈਂਸ ਟੈਸਟ (ਸੀਈਟੀ) ਲਿਆ ਗਿਆ ਜਿਸ ਦੌਰਾਨ ਇੰਤਜ਼ਾਮਾਂ ਦੀ ਘਾਟ ਕਾਰਨ ਕਾਲਜਾਂ ਦੇ ਬਾਹਰ ਜਾਮ ਲੱਗੇ ਰਹੇ ਤੇ ਕਾਫ਼ੀ ਭੀੜ ਹੋਣ ਕਾਰਨ ਕਰੋਨਾ ਨਿਯਮਾਂ ਦੀ ਉਲੰਘਣਾ ਹੋਈ। ਯੂਨੀਵਰਸਿਟੀ ਵੱਲੋਂ ਵੀ ਸਿਰਫ਼ ਪ੍ਰੀਖਿਆ ਦੀ ਤਰੀਕ ਐਲਾਨ ਦਿੱਤੀ ਗਈ ਪਰ ਵਿਦਿਆਰਥੀਆਂ ਨੂੰ ਕਿਸ ਸਮੇਂ ਬੁਲਾਉਣਾ ਤੇ ਬਾਹਰ ਕੱਢਣਾ ਹੈ, ਬਾਰੇ ਫ਼ੈਸਲਾ ਨਹੀਂ ਕੀਤਾ ਗਿਆ। ਇਹ ਪ੍ਰੀਖਿਆ ਸ਼ਹਿਰ ਦੇ 10 ਸੈਂਟਰਾਂ ਵਿੱਚ ਅੱਜ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋਈ। ਇਸ ਮੌਕੇ ਵਿਦਿਆਰਥੀਆਂ ਦੇ 70-70 ਮਿੰਟ ਦੇ ਚਾਰ ਟੈਸਟ ਹੋਏ। ਡੀਏਵੀ ਕਾਲਜ ਸੈਕਟਰ-10 ਵਿੱਚ ਮਾਪਿਆਂ ਤੇ ਵਿਦਿਆਰਥੀਆਂ ਨੂੰ ਖਾਸਾ ਤੰਗ ਹੋਣਾ ਪਿਆ। ਇਸ ਸੈਂਟਰ ਵਿੱਚ ਸਵੇਰੇ ਨੌਂ ਵਜੇ ਗਣਿਤ ਦਾ ਪੇਪਰ ਸੀ ਜੋ 10.10 ਵਜੇ ਸਮਾਪਤ ਹੋਣਾ ਸੀ ਤੇ ਅਗਲਾ ਪੇਪਰ ਕੈਮਿਸਟਰੀ ਦਾ 10.40 ਵਜੇ ਸ਼ੁਰੂ ਹੋਣਾ ਸੀ। ਵਿਦਿਆਰਥੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਘੰਟਾ ਸੈਂਟਰ ਵਿੱਚ ਪੁੱਜਣ। ਕੈਮਿਸਟਰੀ ਦੀ ਪ੍ਰੀਖਿਆ ਵਾਲੇ ਸਵੇਰੇ 9.40 ਵਜੇ ਕਾਲਜ ਬਾਹਰ ਪੁੱਜ ਗਏ ਪਰ 10.10 ’ਤੇ ਪ੍ਰੀਖਿਆ ਖਤਮ ਹੋਣ ਵਾਲੇ ਬੱਚੇ 10.20 ਤੋਂ ਬਾਅਦ ਬਾਹਰ ਆਏ ਜਿਸ ਕਾਰਨ ਅਗਲੀ ਪ੍ਰੀਖਿਆ ਲਈ ਆਏ ਵਿਦਿਆਰਥੀ 9.40 ਤੋਂ 10.20 ਵਜੇ ਤੱਕ ਕਾਲਜ ਬਾਹਰ ਹੀ ਖੜ੍ਹੇ ਰਹੇ ਪਰ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਇਸ ਦੌਰਾਨ ਕਾਲਜ ਦੇ ਬਾਹਰ ਲੰਮਾ ਜਾਮ ਲੱਗ ਗਿਆ। ਕਾਲਜ ਦੇ ਬਾਹਰ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਇੱਕ ਵਿਦਿਆਰਥੀ ਦੇ ਪਿਤਾ ਅਰੁਣ ਗੋਇਲ ਨੇ ਦੱਸਿਆ ਕਿ ਇਸ ਸੈਂਟਰ ਦੇ ਬਾਹਰ ਇੰਨੀ ਭੀੜ ਹੈ ਜਿਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੇ ਕਰੋਨਾ ਰੋਕਣ ਲਈ ਇੰਤਜ਼ਾਮ ਕੀਤੇ ਹੋਏ ਹਨ।
ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ: ਅਧਿਕਾਰੀ
ਡੀਏਵੀ ਕਾਲਜ ਵਿੱਚ ਜਾਮ ਖੁੱਲ੍ਹਵਾਉਣ ਆਏ ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਟਰੈਫਿਕ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਹ ਪੁਲੀਸ ਸ਼ਿਕਾਇਤ ਨੰਬਰ ’ਤੇ ਜਾਮ ਲੱਗਣ ਦਾ ਫੋਨ ਆਉਣ ਤੋਂ ਬਾਅਦ ਹੀ ਇੱਥੇ ਆਏ ਹਨ।
ਪ੍ਰੀਖਿਆ ਕੇਂਦਰ ਅੰਦਰ ਕੋਈ ਪ੍ਰੇਸ਼ਾਨੀ ਨਹੀਂ ਹੋਈ: ਪ੍ਰਿੰਸੀਪਲ
ਡੀਏਵੀ ਕਾਲਜ ਦੇ ਪ੍ਰਿੰਸੀਪਲ ਪਵਨ ਸ਼ਰਮਾ ਨੇ ਕਿਹਾ ਕਿ ਇਹ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਨੇ ਕਰਵਾਈ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਇੰਤਜ਼ਾਮ ਕਰਨੇ ਚਾਹੀਦੇ ਸਨ। ਕਾਲਜ ਦੇ ਬਾਹਰ ਭੀੜ ਇਕੱਠੀ ਹੋਣ ਦੀ ਸ਼ਿਕਾਇਤ ਮਿਲੀ ਸੀ ਪਰ ਕਾਲਜ ਦੇ ਅੰਦਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। ਕਾਲਜ ਨੇ ਹਰ ਵਿਦਿਆਰਥੀ ਦੀ ਸਕਰੀਨਿੰਗ ਕਰਨੀ ਸੀ, ਜਿਸ ਕਰਕੇ ਵਿਦਿਆਰਥੀਆਂ ਦੀ ਜਾਂਚ ਕਰਨ ਲਈ ਸਮਾਂ ਲੱਗਿਆ।
ਡਰਾਈਵਰਾਂ ਦੀ ਭਰਤੀ ਦਾ ਪੇਪਰ ਦੇਣ ਆਏ ਵਿਦਿਆਰਥੀ ਹੋਏ ਖੁੱਜਲ-ਖੁਆਰ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਡਰਾਈਵਰਾਂ ਦੀ ਭਰਤੀ ਲਈ ਪ੍ਰੀਖਿਆ ਦੇਣ ਲਈ ਵੱਖ-ਵੱਖ ਸੂਬਿਆਂ ਤੋਂ ਵਿਦਿਆਰਥੀ ਪਹੁੰਚੇ। ਇਸ ਦੌਰਾਨ ਸੈਕਟਰ-47 ਸਥਿਤ ਮਾਊਂਟ ਕਾਰਮਲ ਸਕੂਲ ਵਿੱਚ ਸਥਿਤ ਪ੍ਰੀਖਿਆ ਕੇਂਦਰ ਵਿੱਚ ਵਿਦਿਆਰਥੀਆਂ ਨੂੰ ਰੋਕ ਦਿੱਤਾ ਗਿਆ। ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਲਈ ਕਰੋਨਾ ਦੇ ਦੋਵੇਂ ਟੀਕੇ ਲਾਉਣ ਦਾ ਸਰਟੀਫਿਕੇਟ ਅਤੇ 72 ਘੰਟੇ ਪਹਿਲਾਂ ਆਰਟੀਪੀਸੀਆਰ ਦੀ ਰਿਪੋਰਟ ਲੈ ਕੇ ਆਉਣੀ ਜ਼ਰੂਰੀ ਸੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ 17 ਸਤੰਬਰ ਨੂੰ ਸੂਚਨਾ ਮਿਲੀ ਹੈ ਕਿ ਆਰਟੀਸੀਪੀਆਰ ਦੀ ਰਿਪੋਰਟ ਲੈ ਕੇ ਆਉਣੀ ਲਾਜ਼ਮੀ ਹੈ। ਇਸ ਦੌਰਾਨ ਕਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਾਉਣ ਵਾਲਿਆਂ ਨੂੰ ਹੀ ਪ੍ਰੀਖਿਆ ਕੇਂਦਰ ਵਿੱਚ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਹੋਰ ਵਿਦਿਆਰਥੀਆਂ ਨੇ ਹੰਗਾਮਾ ਕੀਤਾ। -ਟਨਸ