ਸ਼ਸ਼ੀ ਪਾਲ ਜੈਨ
ਖਰੜ, 28 ਅਪਰੈਲ
ਖਰੜ ਦੀ ਪੁਰਾਣੀ ਮਾਤਾ ਗੁਜਰੀ ਐਨਕਲੇਵ ਦੇ ਵਸਨੀਕਾਂ ਨੇ ਅੱਜ ਇੱਥੇ ਰਸਤਾ ਬੰਦ ਕਰਨ ’ਤੇ ਇੱਕ ਨਵੀਂ ਬਣ ਰਹੀ ਕਲੋਨੀ ਦੇ ਬਿਲਡਰ ਖ਼ਿਲਾਫ਼ ਖਰੜ-ਮੁਹਾਲੀ ਸੜਕ ’ਤੇ ਕੁਝ ਸਮੇਂ ਲਈ ਧਰਨਾ ਦੇ ਕੇ ਜਾਮ ਲਾਇਆ।
ਅਰੁਣਦੀਪ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਲੋਨੀ ਨੂੰ ਜਾਂਦਾ ਰਾਹ ਬਿਲਡਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਅਤੇ ਰਸਤੇ ਵਿੱਚ ਡੂੰਘੇ-ਡੂੰਘੇ ਖੱਡੇ ਪੁੱਟ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰ ਵੱਲੋਂ ਲਗਾਈ ਗਈ ਜੇਸੀਬੀ ਮਸ਼ੀਨ ਦੇ ਮਾਲਿਕ ਵੱਲੋਂ ਵੀ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦਾ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਾ ਕੱਢੇ ਜਾਣ ’ਤੇ ਹੀ ਉਨ੍ਹਾਂ ਸੜਕ ਜਾਮ ਕੀਤੀ ਹੈ। ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਜੇਸ ਸ਼ਰਮਾ ਅਤੇ ਖਰੜ ਸਿਟੀ ਥਾਣੇ ਦੇ ਐੱਸਐੱਚਓ ਸਤਿੰਦਰ ਸਿੰਘ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸਮਝਾ ਕੇ ਉਥੋਂ ਧਰਨਾ ਚੁਕਵਾ ਦਿੱਤਾ।
ਉਨ੍ਹਾਂ ਬਿਲਡਰ ਨੂੰ ਵੀ ਕਿਹਾ ਗਿਆ ਕਿ ਜਦੋਂ ਤੱਕ ਨਿਸ਼ਾਨਦੇਹੀ ਨਹੀਂ ਹੋ ਜਾਂਦੀ, ਉਹ ਇਥੇੇ ਕੋਈ ਕਾਰਵਾਈ ਨਹੀਂ ਕਰੇਗਾ। ਖਰੜ ਨਗਰ ਕੌਸਲ ਦੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਨਿਸ਼ਾਨਦੇਹੀ ਉਪਰੰਤ ਹੀ ਸਾਰੀ ਗੱਲ ਸਪੱਸ਼ਟ ਹੋ ਸਕੇਗੀ।