ਹਰਦੇਵ ਚੌਹਾਨ
ਚੰਡੀਗੜ੍ਹ, 13 ਦਸੰਬਰ
ਸਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਕਰਵਾਏ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਤੀਜੇ ਦਿਨ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ ‘ਜੇ ਹੁਣ ਵੀ ਨਾ ਬੋਲੇ’ ਖੇਡਿਆ ਗਿਆ। ਇਹ ਨਾਟਕ ਧਾਰਾ 370 ਦੇ ਖਾਤਮੇ, ਕਰੋਨਾ ਕਾਲ ਦੌਰਾਨ ਸੱਤਾ ਦੀ ਸੰਵੇਦਨਹੀਣਤਾ ਤੇ ਕਿਸਾਨੀ ਸੰਘਰਸ਼ ਵੇਲੇ ਕੇਂਦਰ ਦੀ ਹੰਕਾਰੀ ਬਿਰਤੀ ਨੂੰ ਨੰਗਾ ਕਰਦੀਆਂ ਕਵਿਤਾਵਾਂ ਦਾ ਮੰਚਨ ਸੀ ਜਿਸ ਵਿੱਚ ਪੰਜਾਬੀ ਤੇ ਹਿੰਦੀ ਤੋਂ ਇਲਾਵਾ ਦੇਸ਼, ਵਿਦੇਸ਼ ਦੇ ਸ਼ਾਇਰਾਂ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਨਾਟਕੀ ਸਕ੍ਰਿਪਟ ਨਾਟਕਕਾਰ ਸ਼ਬਦੀਸ਼ ਦੁਆਰਾ ਤਿਆਰ ਕੀਤੀ ਗਈ। ਇਹ ਨਾਟਕ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਨਵੇਂ ਦਿਸਹੱਦੇ ਛੋਹਣ ਵਾਲੀ ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਡੇਢ ਸਾਲਾ ਜਨਮ ਦਿਨ ਨੂੰ ਸਮਰਪਿਤ ਰਿਹਾ। ਬਾਬਾ ਸੋਹਣ ਸਿੰਘ ਭਕਨਾ ਆਜ਼ਾਦੀ ਤੋਂ ਸਮਾਜਵਾਦ ਵੱਲ ਕਦਮ ਵਧਾਏ ਜਾਣ ਦੀ ਲੋੜ ਵੱਲ ਸੰਕੇਤ ਕਰਦਾ ਹੈ ਜਦਕਿ ਨਾਟਕ ਟੀਮ ਦੇ ਕਲਾਕਾਰ ਅਜੋਕੇ ਹਾਲਾਤ ਦੀਆਂ ਸਮਝੋਂ ਬਾਹਰੀਆਂ ਉਲਝਣਾਂ ਦਾ ਦਰਦ ਬਿਆਨ ਕਰਦੇ ਹਨ। ਉਹ ਜਿਉਂ ਹੀ ਹਾਲਾਤ ਦੀ ਸੋਝੀ ਲਈ ਪੁਸਤਕ ਦੀ ਭੂਮਿਕਾ ਸਮਝਣ ਵੱਲ ਤੁਰਦੇ ਹਨ, ਸੱਤਾ ਦੀ ਜਕੜ ਦਾ ਜਾਲ ਵਗਾਹ ਮਾਰਦੇ ਹਨ। ਇਸ ਤਰ੍ਹਾਂ ਵੱਖ-ਵੱਖ ਕਵੀਆਂ ਦੀਆਂ ਸਿੱਧਾ ਸੰਵਾਦ ਛੇੜਦੀਆਂ ਕਵਿਤਾਵਾਂ ਸੰਕਟ ਦੀਆਂ ਪਰਤਾਂ ਖੋਲ੍ਹਣ ਲਗਦੀਆਂ ਹਨ। ਕਦੇ ਕਰੋਨਾ ਕਾਲ ਤੋਂ ਪਹਿਲਾਂ ਹੀ ਕਸ਼ਮੀਰ ‘ਤੇ ਥੋਪੇ ਲਾੱਕ ਡਾਊਨ ਦੀ ਗੱਲ ਗੱਲ ਹੁੰਦੀ ਹੈ ਤੇ ਕਦੇ ਸੜਕਾਂ ‘ਤੇ ਰੁਲਦੇ ਮਹਿਮਾਨ ਮਜ਼ਦੂਰਾਂ ਦੀ ਗੱਲ ਵੀ ਹੁੰਦੀ ਹੈ । ਨਾਟਕ ਰਾਹੀਂ ਕਠੂਆ ਤੋਂ ਹਾਥਰਸ ਤੱਕ ਦੇ ਬਲਾਤਕਾਰੀਆਂ ਨੂੰ ਸ਼ਹਿ ਦਿੰਦੀ ਸੱਤਾ ਦਾ ਮੁਖੌਟਾ ਬਾਖੂਬੀ ਉਤਾਰਿਆ ਗਿਆ। ਇਸ ਨਾਟਕ ਵਿਚ ਤਾਨਾਸ਼ਾਹ ਦੇ ਧੁਰ ਅੰਦਰਲੇ ਖ਼ੌਫ਼ ਦਾ ਇਜ਼ਹਾਰ ਹੁੰਦਾ ਹੈ ਜਿਸ ਨੂੰ ਅਨਿਆਂ ਦਾ ਸ਼ਿਕਾਰ ਹਰ ਬੰਦਾ ਡਰਾਉਂਦਾ ਪ੍ਰਤੀਤ ਹੁੰਦਾ ਹੈ। ਉਸ ਨੂੰ ਜਲ, ਜੰਗਲ, ਜ਼ਮੀਨ ਦੀ ਗੱਲ ਕਰਨ ਵਾਲੇ ਅਰਬਨ ਨਕਸਲੀ ਲਗਦੇ ਹਨ ਤੇ ਲਾਇਬਰੇਰੀ ਬਚਾਏ ਜਾਣ ਦੇ ਤਲਬਗਾਰਾਂ ਦੀ ਛੋਟੀ ਜਿਹੀ ਗਿਣਤੀ ਸਭ ਤੋਂ ਖ਼ਤਰਨਾਕ ਲਗਦੀ ਹੈ। ਨਾਟਕ ਦਾ ਸਿਖ਼ਰ ਬਾਬਾ ਸੋਹਣ ਸਿੰਘ ਭਕਨਾ ਦੇ ਮੁੜ ਬੁੱਤ ਬਣਨ ’ਤੇ ਹੁੰਦਾ ਹੈ ਜੋ ਚਿਤਾਵਨੀ ਦੇ ਕੇ ਜਾਂਦਾ ਹੈ ਕਿ ਸੱਤਾ ਇਤਿਹਾਸ ਸਿਰਜਣ ਵਾਲੇ ਲੋਕਾਂ ਨੂੰ ਬੁੱਤ ਬਣਾਉਂਦੀ ਹੈ। ਇਸ ਲਈ ਬੁੱਤ ਦੇ ਪਿੱਛੇ ਜਾਗਦਾ ਇਤਿਹਾਸ ਸਾਂਭਣਾ ਹੀ ਭਵਿੱਖ ਲਈ ਲੜਦੇ ਸੱਚੇ ਲੋਕਾਂ ਦਾ ਸੱਚਾ ਕਰਮ ਹੁੰਦਾ ਹੈ। ਇਹਦੀ ਅਣਹੋਂਦ ਵਿੱਚ ਜਿਉਂਦੇ, ਜਾਗਦੇ ਲੋਕ ਬੁੱਤਾਂ ਦੀ ਜੂਨੇ ਪੈ ਸਕਦੇ ਹਨ। ਨਾਟਕ ਵਿੱਚ ਅਨੀਤਾ ਸ਼ਬਦੀਸ਼ ਤੇ ਰਮਨ ਢਿੱਲੋਂ, ਅਵਰਿੰਦਰ ਸਿੰਘ, ਅਮਨ ਸਿੰਘ, ਸ਼ੰਕਰ ਗੁਪਤਾ, ਉਦੈਵੀਰ ਢਿੱਲੋਂ, ਮਹਿਤਾਬ ਵਿਰਕ, ਰਿਸ਼ਮ ਗਿੱਲ ਤੇ ਅਨਿਕੇਤ ਸ਼ਾਮਲ ਰਹੇ। ਨਾਟਕ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਉਭਾਰ ਤੇ ਭਵਿੱਖ ਮੁਖੀ ਅੰਦੋਲਨਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਸੰਭਾਵਨਾਵਾਂ ’ਤੇ ਚਰਚਾ ਹੋਈ। ਬੁਲਾਰਿਆਂ ਨੇ ਭਵਿੱਖ ਮੁਖੀ ਨਕਸ਼ੇ ਪ੍ਰਤੀ ਵੱਖੋ-ਵੱਖਰਾ ਨਜ਼ਰੀਆ ਰੱਖਣ ਵਾਲੇ ਕਿਸਾਨ ਆਗੂਆਂ ਦੀ ਸਾਂਝ ਸਿਰਜਦੀ ਸਿਆਣਪ ਦੀ ਸ਼ਲਾਘਾ ਕੀਤੀ ਜਿਸ ਨੇ ਸੱਤਾ ਦੇ ਹੰਕਾਰੀ ਰਵੱਈਏ ਨੂੰ ਗੰਭੀਰ ਚੁਣੌਤੀ ਪੇਸ਼ ਕੀਤੀ ਹੈ।