ਸੰਜੀਵ ਬੱਬੀ
ਚਮਕੌਰ ਸਾਹਿਬ, 12 ਅਕਤੂਬਰ
ਚਮਕੌਰ ਸਾਹਿਬ ਦਾ ਸਰਕਾਰੀ ਹਸਪਤਾਲ ਅੱਜਕੱਲ੍ਹ ਖੁਦ ਬਿਮਾਰ ਹੈ। ਹਸਪਤਾਲ ਵਿਚਲੀਆਂ ਸਹੂਲਤਾਂ ਵਿੱਚ ਵਾਧਾ ਤਾਂ ਕੀ ਹੋਣਾ ਸੀ ਬਲਕਿ ਪਿਛਲੇ ਕਈ ਦਿਨਾਂ ਤੋਂ ਟੈਸਟਾਂ ਦੀ ਸਹੂਲਤ ਵੀ ਬੰਦ ਪਈ ਹੈ ਜਿਸ ਕਾਰਨ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਭਾਅ ਪ੍ਰਾਈਵੇਟ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਸਪਤਾਲ ਵਿੱਚ ਟੈਟਨਸ ਦੇ ਟੀਕਿਆਂ ਤੋਂ ਇਲਾਵਾ ਕੁਝ ਦਵਾਈਆਂ ਅਤੇ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਵੀ ਨਹੀਂ ਹੈ। ਇਸੇ ਤਰ੍ਹਾਂ ਹਸਪਤਾਲ ਅਧੀਨ ਪੈਂਦੇ ਪਿੰਡ ਸੋਤਲ, ਅਮਰਾਲੀ, ਚੂਹੜ ਮਾਜਰਾ, ਬੂਰਮਾਜਰਾ ਅਤੇ ਸੁਰਤਾਪੁਰ ਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਦਵਾਈਆਂ ਨਾ ਹੋਣ ਕਾਰਨ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਖਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ।
ਹਸਪਤਾਲ ਵਿੱਚ ਲੋੜੀਂਦੇ ਉਪਕਰਨ ਨਾ ਹੋਣ ਕਾਰਨ ਬਹੁਤੇ ਟੈਸਟ ਬਾਹਰੋਂ ਹੀ ਕਰਵਾਏ ਜਾਂਦੇ ਹਨ।
ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ, ਕਿਸਾਨ ਆਗੂ ਪਰਮਿੰਦਰ ਸਿੰਘ ਸੇਖੋਂ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਅਤੇ ਪੰਜਾਬ ਕਲਾ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਹਸਪਤਾਲ ਵਿੱਚ ਉਕਤ ਸਹੂਲਤਾਂ ਲਈ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕੋਲੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੋਬਿੰਦ ਟੰਡਨ ਨੇ ਕਿਹਾ ਕਿ ਕਈ ਦਿਨਾਂ ਤੋਂ ਟੈਸਟ ਕਰਨ ਵਾਲੀ ਮਸ਼ੀਨ ਖਰਾਬ ਪਈ ਹੋਣ ਕਾਰਨ ਇਹ ਸਮੱਸਿਆ ਪੇਸ਼ ਆਈ ਹੈ। ਮਸ਼ੀਨ ਛੇਤੀ ਹੀ ਮਹਿਕਮੇ ਵੱਲੋਂ ਠੀਕ ਕੀਤੀ ਜਾ ਰਹੀ ਹੈ ਅਤੇ ਸਾਜੋ ਸਮਾਨ ਵੀ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਦਵਾਈਆਂ ਮਹਿਕਮੇ ਵੱਲੋਂ ਹਸਪਤਾਲ ਅਤੇ ਕਲੀਨਿਕਾਂ ਲਈ ਭੇਜੀਆਂ ਜਾਂਦੀਆਂ ਹਨ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਤੇ ਟੈਟਨਸ ਦੇ ਟੀਕੇ ਵੀ ਜਲਦੀ ਹੀ ਆ ਜਾਣਗੇ।