ਮੁਕੇਸ਼ ਕੁਮਾਰ
ਚੰਡੀਗੜ੍ਹ, 1 ਮਈ
ਚੰਡੀਗੜ੍ਹ ਅਸਟੇਟ ਦਫਤਰ ਨੇ ਅੱਜ ਇੰਡਸਟਰੀਅਲ ਏਰੀਆ, ਫੇਜ਼-1 ਵਿੱਚ ਸਥਿਤ ਕਲੋਨੀ ਨੰਬਰ 4 ਵਿੱਚ ਸੈਂਕੜੇ ਝੁੱਗੀਆਂ ਨੂੰ ਢਾਹ ਦਿੱਤਾ। ਕਰੀਬ 2,000 ਪੁਲੀਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟਰੇਟ ਕਲੋਨੀ ਨੂੰ ਢਾਹੁਣ ਅਤੇ ਬੇਦਖ਼ਲ ਕਰਨ ਦੀ ਕਾਰਵਾਈ ਲਈ ਤਾਇਨਾਤ ਕੀਤੇ ਗਏ ਸਨ। ਯੂਟੀ ਪ੍ਰਸ਼ਾਸਨ ਨੇ ਕਲੋਨੀ ਦੇ 500 ਮੀਟਰ ਦੇ ਘੇਰੇ ਵਿੱਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਉਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਅਸਟੇਟ ਦਫ਼ਤਰ ਵੱਲੋਂ ਕੀਤੇ ਗਏ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ’ਤੇ ਕਲੋਨੀ ਦੇ 658 ਵਸਨੀਕਾਂ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਭੇਜੀ ਗਈ ਸੀ। ਇਸ ਤੋਂ ਬਾਅਦ ਮਲੋਆ ਹਾਊਸਿੰਗ ਕੰਪਲੈਕਸ ਵਿਖੇ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਫਲੈਟਾਂ ਦੀ ਆਰਜ਼ੀ ਅਲਾਟਮੈਂਟ ਲਈ ਐੱਸਡੀਐੱਮ (ਪੂਰਬੀ) ਦੇ ਦਫ਼ਤਰ ਵਿਖੇ ਕੈਂਪ ਲਗਾਇਆ ਗਿਆ। 299 ਦੇ ਕਰੀਬ ਵਸਨੀਕ ਰਜਿਸਟ੍ਰੇਸ਼ਨ ਅਤੇ ਬਿਨੈ-ਪੱਤਰ ਜਮ੍ਹਾਂ ਕਰਵਾਉਣ ਲਈ ਆਏ ਅਤੇ ਅਰਜ਼ੀਆਂ ਸਵੀਕਾਰ ਕਰਨ ਦੀ ਪ੍ਰਕਿਰਿਆ ਤੜਕੇ 1 ਵਜੇ ਤੱਕ ਚੱਲੀ। ਅੱਜ ਡਰਾਅ ਵਿੱਚ ਕੁੱਲ 290 ਫਲੈਟ ਅਲਾਟ ਕੀਤੇ ਗਏ।