ਚੰਡੀਗੜ੍ਹ, 2 ਨਵੰਬਰ
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਇਥੇ ਡੀਏਵੀ ਕਾਲਜ ਵਿਖੇ ਕਰਵਾਏ 63ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਭੰਗੜਾ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ। ਸ੍ਰੀ ਅਰੋੜਾ ਨੇ ਕਿਹਾ, ‘ਕਾਲਜ ਵਿੱਚ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਹੁਸੀਨ ਅਤੇ ਬਿਹਤਰੀਨ ਪੜਾਅ ਹੁੰਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੀਵਨ ਦਾ ਇਹ ਖੂਬਸੂਰਤ ਤੇ ਖ਼ੁਸ਼ਗ਼ਵਾਰ ਸਮਾਂ ਮੁੜ ਵਾਪਸ ਨਹੀਂ ਆਵੇਗਾ।’ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਬਿਹਤਰ ਬਦਲਾਅ ਅਤੇ ਸੁਧਾਰ ਲਿਆਉਣ ਲਈ ਨੌਜਵਾਨਾਂ ਦੀ ਸਮੂਹਿਕ ਸ਼ਕਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਸ੍ਰੀ ਅਰੋੜਾ ਨੇ ਡੀਏਵੀ ਕਾਲਜ ਸੈਕਟਰ-10 ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ ਅਤੇ ਅੱਜ ਕਾਲਜ ਪੁੱਜਣ ਉਤੇ ਪ੍ਰਿੰਸੀਪਲ ਡਾ. ਪਵਨ ਸ਼ਰਮਾ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਭੰਗੜਾ ਮੁਕਾਬਲਿਆਂ ਵਿੱਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਦੀ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਖਾਲਸਾ ਕਾਲਜ ਸੈਕਟਰ-26 ਦੀ ਟੀਮ ਦੂਜੇ ਅਤੇ ਡੀਏਵੀ ਕਾਲਜ ਸੈਕਟਰ-10 ਦੀ ਟੀਮ ਤੀਜੇ ਸਥਾਨ ’ਤੇ ਰਹੀ। ਮੁਕਾਬਲੇ ਵਿੱਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਸੀ। ਸ੍ਰੀ ਅਰੋੜਾ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਮੰਤਜਪ ਨੂੰ ਨਵੀਆਂ ਬੁਲੰਦੀਆਂ ਛੋਂਹਦਿਆਂ ਦੇਖਣਾ ਬੇਹੱਦ ਮਾਣ ਵਾਲੀ ਗੱਲ ਹੈ।