ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਚੰਡੀਗੜ੍ਹ ਭਾਜਪਾ ਦੇ ਐੱਸਸੀ ਮੋਰਚਾ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੌਰੇ ਦੌਰਾਨ ਰਾਖਵਾਂਕਰਨ ਦੇ ਵਿਰੁੱਧ ਦਿੱਤੇ ਬਿਆਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਇਹ ਪ੍ਰਦਰਸ਼ਨ ਸੈਕਟਰ-33 ਵਿੱਚ ਕੀਤਾ ਗਿਆ, ਜਿੱਥੇ ਭਾਜਪਾ ਦੇ ਐੱਸਸੀ ਮੋਰਚਾ ਨੇ ਰਾਹੁਲ ਗਾਂਧੀ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਰਾਹੁਲ ਗਾਂਧੀ ਜਾ ਪੁਤਲਾ ਸਾੜਿਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਹੁਲ ਤ੍ਰਿਮੁਰਕਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਚਡੀਗੜ੍ਹ ਭਾਜਪਾ ਦੇ ਬੁਲਾਰੇ ਤੇ ਐੱਸਸੀ ਮੋਰਚਾ ਦੇ ਇੰਚਾਰਜ ਨਰੇਸ਼ ਅਰੋੜਾ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤ ਵਰਗ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਨ੍ਹਾਂ ਨੇ ਦਲਿਤ ਵਰਗ ਨੂੰ ਸਿਰਫ਼ ਵੋਟਾਂ ਦੇ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਸੰਵਿਧਾਨ ਨੂੰ ਚੁੱਕ ਕੇ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਹਨ, ਜਦੋਂ ਕਿ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਹੀ ਰਾਖਵਾਂਕਰਨ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਤੋਂ ਪਹਿਲਾਂ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਨਹਿਰੂ ਵੱਲੋਂ ਵੀ ਸਮੇਂ-ਸਮੇਂ ’ਤੇ ਰਾਖਵਾਂਕਰਨ ਦੇ ਵਿਰੁੱਧ ਟਿੱਪਣੀਆਂ ਕੀਤੀਆਂ ਗਈਆਂ ਹਨ।