ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੂਨ
ਚੰਡੀਗੜ੍ਹ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਚੰਡੀਗੜ੍ਹ ਬਸਪਾ ਦੇ ਪ੍ਰਧਾਨ ਗੁਰਚਰਨ ਸਿੰਘ ਕੰਬੋਜ ਸਣੇ ਕਈ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਕਾਂਗਰਸ ਦੇ ਕੌਮੀ ਖਜ਼ਾਨਚੀ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਬਹੁਜਨ ਸਮਾਜ ਪਾਰਟੀ (ਬਸਪਾ) ਚੰਡੀਗੜ੍ਹ ਦੇ ਮੀਤ ਪ੍ਰਦਾਨ ਐੱਸਏ ਖਾਨ, ਜਸਪਾਲ ਸਿੰਘ ਅਤੇ ਅਜੈ ਬੱਗਾ ਨੇ ਵੀ ਕਾਂਗਰਸ ਦਾ ਪੱਲਾ ਫੜਿਆ। ਕਾਂਗਰਸ ਦੇ ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਲੋਕਾਂ ਵਿੱਚ ਫੁੱਟ ਪਵਾਉਣ ਅਤੇ ਕਾਰਪੋਰੇਟ ਪੱਖੀ ਫ਼ੈਸਲੇ ਲੈਣ ਲੱਗੀ ਹੋਈ ਹੈ, ਜਿਸ ਨੇ ਪਹਿਲਾਂ ਖੇਤੀ ਕਾਨੂੰਨ ਰਾਹੀਂ ਕਿਸਾਨੀ ਅਤੇ ਹੁਣ ਅਗਨੀਪਥ ਯੋਜਨਾ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਬਸਪਾ ਪ੍ਰਧਾਨ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਭਵਿੱਖ ਵਿੱਚ ਹੋਰ ਵੀ ਕਈ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਗੁਰਚਰਨ ਸਿੰਘ ਕੰਬੋਜ ਨੇ ਕਿਹਾ ਕਿ ਅੱਜ ਬਸਪਾ ਵੀ ਭਾਜਪਾ ਦੇ ਦਬਾਅ ਹੇਠ ਆ ਚੁੱਕੀ ਹੈ।
ਬਸਪਾ ਦੀ ਚੰਡੀਗੜ੍ਹ ਇਕਾਈ 15 ਦਿਨ ਪਹਿਲਾਂ ਭੰਗ ਕਰ ਦਿੱਤੀ ਸੀ: ਬੈਨੀਵਾਲ
ਬਸਪਾ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਣਧੀਰ ਬੈਨੀਵਾਲ ਨੇ ਕਿਹਾ ਕਿ ਬਸਪਾ ਦੀ ਚੰਡੀਗੜ੍ਹ ਇਕਾਈ ਨੂੰ 15 ਦਿਨ ਪਹਿਲਾਂ ਭੰਗ ਕਰ ਦਿੱਤਾ ਸੀ। ਇਸ ਵੇਲੇ ਕੋਈ ਵੀ ਵਿਅਕਤੀ ਚੰਡੀਗੜ੍ਹ ਬਸਪਾ ਦਾ ਪ੍ਰਧਾਨ ਜਾਂ ਹੋਰ ਕਿਸੇ ਅਹੁਦੇ ’ਤੇ ਤਾਇਨਾਤ ਨਹੀਂ ਹੈ।