ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਜੂਨ
ਯੂਟੀ ਦੇ ਉਚ ਸਿੱਖਿਆ ਵਿਭਾਗ ਨੇ ਅੱਜ ਇਥੋਂ ਦੇ ਕਾਲਜਾਂ ਵਿਚ 50 ਫੀਸਦੀ ਟੀਚਿੰਗ ਤੇ ਨਾਨ ਟੀਚਿੰਗ ਸੱਦਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪ੍ਰਿੰਸੀਪਲਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਲੋੜ ਅਨੁਸਾਰ 30 ਜੂਨ ਤਕ ਪੰਜਾਹ ਫੀਸਦੀ ਸਟਾਫ ਬੁਲਾ ਸਕਦੇ ਹਨ। ਇਹ ਹੁਕਮ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਦੇ ਆਪਣੇ ਪ੍ਰਿੰਸੀਪਲਾਂ ’ਤੇ ਦੋਸ਼ ਲਾਉਣ ਤੋਂ ਬਾਅਦ ਜਾਰੀ ਕੀਤੇ ਹਨ। ਇਸ ਸਬੰਧੀ ਸੈਕਟਰ-11 ਦੇ ਇਕ ਕਾਲਜ ਵਿਚ ਲੈਕਚਰਾਰਾਂ ਨੂੰ ਤੰਗ ਕਰਨ ਬਾਰੇ ਸ਼ਿਕਾਇਤ ਕੀਤੀ ਗਈ ਸੀ। ਇਸ ਬਾਰੇ ਪੰਜਾਬੀ ਟ੍ਰਿਬਿਊਨ ਨੇ ਅੱਜ ਖਬਰ ਪ੍ਰਕਾਸ਼ਿਤ ਕੀਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਅੱਜ ਦੀ ਮੀਟਿੰਗ ਵਿਚ ਪ੍ਰਿੰਸੀਪਲਾਂ ਦੇ ਵਿਚਾਰ ਵੀ ਜਾਣੇ ਗਏ। ਕਾਲਜ ਦੇ ਲੈਕਚਰਾਰਾਂ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਕਾਲਜ ਦੇ ਸਾਰੇ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਜਦਕਿ ਕਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੇ ਕਹਿਣ ’ਤੇ ਸਾਰੇ ਲੈਕਚਰਾਰ ਤਾਂ ਆ ਰਹੇ ਹਨ ਪਰ ਉਹ ਇਥੇ ਆਪਣੀ ਡਿਊਟੀ ਦੌਰਾਨ ਵਿਹਲੇ ਹੀ ਰਹਿੰਦੇ ਹਨ। ਇਕ ਹੋਰ ਕਾਲਜ ਦੇ ਲੈਕਚਰਾਰਾਂ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਆਨਲਾਈਨ ਘਰ ਤੋਂ ਹੀ ਸਿੱਖਿਆ ਦੇ ਰਹੇ ਹਨ ਤਾਂ ਪੂਰਾ ਸਟਾਫ ਸੱਦਣ ਦੀ ਕੀ ਤੁਕ ਬਣਦੀ ਹੈ।
ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਰਟ ਕਲਾਸ ਰੂਮ ਤੇ ਪੜ੍ਹਾਉਣ ਸਮੱਗਰੀ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਇਹ ਵੀ ਹਦਾਇਤ ਕੀਤੀ ਗਈ ਹੈ ਕਿ 30 ਤੋਂ ਬਾਅਦ ਹਾਲਾਤ ਦਾ ਨਿਰੀਖਣ ਕਰਨ ਤੋਂ ਬਾਅਦ ਸੌ ਫੀਸਦੀ ਸਟਾਫ ਬੁਲਾਇਆ ਜਾਵੇਗਾ ਤੇ ਇਸ ਬਾਰੇ ਕੇਂਦਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ।
ਸਮੈੱਸਟਰ: ਘਰਾਂ ਨੇੜੇ ਅਲਾਟ ਹੋਣਗੇ ਪ੍ਰੀਖਿਆ ਕੇਂਦਰ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਮੈੱਸਟਰਾਂ ਦੀਆਂ ਪ੍ਰੀਖਿਆਵਾਂ ਜੁਲਾਈ ਵਿੱਚ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਪਰਵਿੰਦਰ ਸਿੰਘ ਅਨੁਸਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ਨੇੜਲੇ ਪ੍ਰੀਖਿਆ ਕੇਂਦਰ ਅਲਾਟ ਕਰਨ ਦੀ ਤਜਵੀਜ਼ ਹੈ। ਇਸ ਲਈ ਸਬੰਧਿਤ ਕਾਲਜਾਂ ਨੂੰ ਵਿਦਿਆਰਥੀਆਂ ਦਾ ਵੇਰਵੇ 29 ਜੂਨ ਤੱਕ ਭੇਜਣ ਲਈ ਕਿਹਾ ਗਿਆ ਹੈ। ਜੇਕਰ ਸਥਿਤੀ ਅਨੁਸਾਰ ਵਿਦਿਆਰਥੀਆਂ ਦੇ ਵੇਰਵੇ ਨਹੀਂ ਭੇਜੇ ਜਾਂਦੇ ਹਨ ਤਾਂ ਇਹ ਸਮਝਿਆ ਜਾਵੇਗਾ ਕਿ ਪ੍ਰੀਖਿਆ ਕੇਂਦਰ ਵਿੱਚ ਕੋਈ ਤਬਦੀਲੀ ਦੀ ਜ਼ਰੂਰਤ ਨਹੀਂ ਹੈ।