ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ-35 ਵਿੱਚ ਕਾਂਗਰਸ ਭਵਨ ਦੇ ਬਾਹਰ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਿਰੁੱਧ ਵਰਤੀ ਇਤਰਾਜ਼ਯੋਗ ਟਿੱਪਣੀ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀ ਸੈਕਟਰ-33 ਵਿੱਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਵਨੀਤ ਬਿੱਟੂ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਸ੍ਰੀ ਬਿੱਟੂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਲੱਕੀ ਨੇ ਚੰਡੀਗੜ੍ਹ ਪੁਲੀਸ ਨੂੰ ਭਾਜਪਾ ਆਗੂ ਵਿਰੁੱਧ ਕਾਰਵਾਈ ਲਈ ਮੰਗ ਪੱਤਰ ਸੌਂਪਿਆ।
ਸ੍ਰੀ ਲੱਕੀ ਨੇ ਕਿਹਾ ਕਿ ਬਿੱਟੂ ਵੱਲੋਂ ਅਜਿਹੀਆਂ ਟਿੱਪਣੀਆਂ ਭਾਜਪਾ ਦੇ ਇਸ਼ਾਰੇ ’ਤੇ ਕੀਤੀਆਂ ਗਈਆਂ ਹਨ। ਉਹ ਦੇਸ਼ ਵਿੱਚ ਨਫ਼ਤਰ ਦੀ ਰਾਜਨੀਤੀ ਫੈਲਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਵਿਰੁੱਧ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਲੱਕੀ ਨੇ ਕਿਹਾ ਕਿ ਬਿੱਟੂ ਅੱਜ ਜੋ ਵੀ ਹਨ, ਉਹ ਕਾਂਗਰਸ ਪਾਰਟੀ ਤੇ ਆਪਣੇ ਦਾਦਾ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਰ ਕੇ ਹਨ। ਇਸ ਦੇ ਬਾਵਜੂਦ ਅੱਜ ਉਹ ਕਾਂਗਰਸ ਪਾਰਟੀ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।