ਮੁਕੇਸ਼ ਕੁਮਾਰ
ਚੰਡੀਗੜ੍ਹ, 15 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਹੁਣ ਪੈਟਰੋਲ ਤੇ ਡੀਜ਼ਲ ਵੇਚ ਕੇ ਆਪਣੇ ਕਮਾਈ ਦੇ ਸਰੋਤ ਵਿੱਚ ਵਾਧਾ ਕਰੇਗਾ। ਇਸੀ ਕੜੀ ਤਹਿਤ ਅੱਜ ਇਥੇ ਸੈਕਟਰ-51 ਵਿੱਚ ਚੰਡੀਗੜ੍ਹ ਨਗਰ ਨਿਗਮ ਦਾ ਪਹਿਲਾ ਪੈਟਰੋਲ ਪੰਪ ਸ਼ੁਰੂ ਹੋ ਗਿਆ। ਇਸ ਪੈਟਰੋਲ ਪੰਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵਲੋਂ ਪੰਜਾਬ ਰਾਜ ਭਵਨ ਤੋਂ ਵੀਡੀਓ ਕਾਨਫਰੰਸ ਰਾਹੀਂ ਕੀਤਾ। ਇਸ ਮੌਕੇ ਰਾਜ ਭਵਨ ’ਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਅਤੇ ਚੰਡੀਗੜ੍ਹ ਪੁਲੀਸ ਦੇ ਡੀਜੀਪੀ ਸੰਜੇ ਬੈਣੀਵਾਲ ਵੀ ਹਾਜ਼ਰ ਸਨ। ਉਧਰ ਚੰਡੀਗੜ੍ਹ ਦੀ ਮੇਅਰ ਰਾਜਬਾਲਾ ਮਲਿਕ ਸਮੇਤ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਚੰਡੀਗ੍ਹੜ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਇਲਾਕਾ ਕੌਂਸਲਰ ਹੀਰਾ ਨੇਗੀ ਸੈਕਟਰ-51 ਵਿੱਚ ਇਸ ਉਦਘਾਟਨ ਸਬੰਧੀ ਕੀਤੇ ਗਏ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਉਦਘਾਟਨ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਵਾਹਨ ਵਿੱਚ ਪੈਟਰੋਲ ਭਰ ਕੇ ਇਸ ਪੰਪ ਦੀ ਰਸਮੀ ਤੌਰ ’ਤੇ ਘੁੰਡ ਚੁਕਾਈ ਕੀਤੀ।
ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਨਿਗਮ ਅਧਿਕਾਰੀਆਂ ਨੂੰ ਪੈਟਰੋਲ ਪੰਪ ਸਬੰਧੀ ਵਧਾਈ ਦਿੱਤੀ। ਨਿਗਮ ਨੂੰ ਇਥੇ ਸਨਅਤੀ ਖੇਤਰ ਦੇ ਫੇਸ-2 ਵਿੱਚ ਵੀ ਇੱਕ ਹੋਰ ਪੈਟਰੋਲ ਪੰਪ ਸਾਈਟ ਅਲਾਟ ਕੀਤੀ ਗਈ ਹੈ, ਜਿਸਦੇ ਛੇਤੀ ਹੀ ਪੂਰਾ ਹੋਣ ਦੀ ਉਮੀਦ ਹੈ।