ਮੁੱਖ ਅੰਸ਼
- ਧਰਮਸ਼ਾਲਾਵਾਂ, ਆਂਗਣਵਾੜੀ ਇਮਾਰਤਾਂ, ਸਿਹਤ ਕੇਂਦਰਾਂ, ਪੰਚਾਇਤ ਘਰਾਂ ਤੇ ਕਮਿਊਨਿਟੀ ਸੈਂਟਰਾਂ ਦਾ ਹੋਵੇਗਾ ਨਵੀਨੀਕਰਨ
- ਸੀਵਰੇਜ ਅਤੇ ਜਲ ਸਪਲਾਈ ਸਿਸਟਮ ਵਿੱਚ ਕੀਤਾ ਜਾਵੇਗਾ ਸੁਧਾਰ
-
ਪਿੰਡ ਬਹਿਲਾਨਾ ਵਿੱਚ ਕਰਵਾਏ ਸਮਾਗਮ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ
ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਮਾਰਚ 2019 ਵਿੱਚ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਗਏ 13 ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬੂਰ ਪੈਣ ਦੀ ਆਸ ਬੱਝੀ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇਨ੍ਹਾਂ ਪਿੰਡਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਪਿੰਡ ਬਹਿਲਾਨਾ ਵਿੱਚ ਕਰਵਾਏ ਗਏ ਉਦਘਾਟਨ ਸਮਾਗਮ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਇਸ ਮਗਰੋਂ ਸਥਾਨਕ ਵਾਸੀਆਂ ਅਤੇ ਪੇਂਡੂ ਵਿਕਾਸ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਪੁਰੋਹਿਤ ਨੇ ਕਿਹਾ ਕਿ ਕੋਵਿਡ ਕਾਰਨ ਚੰਡੀਗੜ੍ਹ ਨੇੜਲੇ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਏ ਸਨ ਪਰ ਹੁਣ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤੇ ਸੀਵਰੇਜ ਅਤੇ ਜਲ ਸਪਲਾਈ ਸਕੀਮਾਂ ਦੇ ਲਾਗੂ ਹੋਣ ਨਾਲ ਲਗਭਗ ਡੇਢ ਲੱਖ ਦੀ ਆਬਾਦੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਧਰਮਸ਼ਾਲਾਵਾਂ, ਸੰਪਰਕ ਕੇਂਦਰਾਂ, ਆਂਗਣਵਾੜੀ ਇਮਾਰਤਾਂ, ਸਿਹਤ ਕੇਂਦਰਾਂ, ਸ਼ਮਸ਼ਾਨਘਾਟਾਂ, ਪੰਚਾਇਤ ਘਰ ਅਤੇ ਕਮਿਊਨਿਟੀ ਸੈਂਟਰਾਂ ਦੇ ਨਵੀਨੀਕਰਨ ਦੇ ਕਾਰਜ ਵੀ ਪੂਰੇ ਕੀਤੇ ਜਾਣਗੇ ਅਤੇ ਲਗਪਗ 204 ਲੱਖ ਰੁਪਏ ਦੇ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਨੇ ਇਨ੍ਹਾਂ ਪਿੰਡਾਂ ਦੀ ਸੰਭਾਲ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਦੱਸਿਆ ਕਿ 50 ਕਰੋੜ ਰੁਪਏ ਦੇ ਫ਼ੰਡ ਨਾਲ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪਾਣੀ ਦੀ ਸਪਲਾਈ ਲਾਈਨ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਪਿੰਡਾਂ ਦੀਆਂ ਅੰਦਰਲੀਆਂ ਗਲੀਆਂ, ਸੜਕਾਂ, ਫੁੱਟਪਾਥਾਂ, ਬਾਗਵਾਨੀ, ਪਾਰਕਾਂ ਤੇ ਪਬਲਿਕ ਹੈਲਥ ਦਾ ਕੰਮ ਪੂਰਾ ਹੋਣ ਤੋਂ ਬਾਅਦ ਬਿਜਲੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਬਾਕੀ ਕਾਰਜਾਂ ਨੂੰ ਪੂਰਾ ਕਰਨ ਲਈ 20 ਕਰੋੜ ਰੁਪਏ ਦੇ ਵੱਖਰੇ ਫ਼ੰਡ ਦੀ ਲੋੜ ਹੈ।
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਪਿੰਡਂ ਦੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੀਵਰੇਜ ਲਾਈਨ, ਸਟੌਰਮ ਵਾਟਰ ਲਾਈਨ, ਵਾਟਰ ਸਪਲਾਈ ਲਾਈਨ, ਗਲੀਆਂ/ਸੜਕਾਂ, ਲਾਈਟਾਂ ਅਤੇ ਪਿੰਡਾਂ ਦੀਆਂ ਇਮਾਰਤਾਂ ਦੇ ਨਵੀਨੀਕਰਨ ਲਈ ਨਗਰ ਨਿਗਮ ਵੱਲੋਂ ਤਿਆਰ ਕੀਤੇ ਪ੍ਰਾਜੈਕਟ ’ਤੇ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਥਾਣੇ ਡੱਕਿਆ
ਪਿੰਡ ਬਹਿਲਾਣਾ ਵਿੱਚ ਸਮਾਗਮ ਦੌਰਾਨ ਕਿਸਾਨ ਸਮਰਥਕਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪੇਂਡੂ ਸੰਘਰਸ਼ ਕਮੇਟੀ ਦੇ ਆਗੂ ਗੁਰਦਿਆਲ ਬਾਬਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸੂਹ ਮਿਲਣ ’ਤੇ ਕਿਸਾਨ ਸਮਰਥਕ ਪਿੰਡ ਬਹਿਲਾਣਾ ਲਈ ਕੂਚ ਕਰਨ ਲੱਗੇ ਪਰ ਉਨ੍ਹਾਂ ਨੂੰ ਪਿੰਡ ਪੁੱਜਣ ਤੋਂ ਪਹਿਲਾਂ ਹੀ ਰਸਤੇ ਵਿੱਚ ਏਅਰਪੋਰਟ ਦੀਆਂ ਲਾਈਟਾਂ ’ਤੇ ਪੁਲੀਸ ਨੇ ਰੋਕ ਲਿਆ। ਇਥੇ ਇਕੱਠੇ ਹੋਏ ਲਗਪਗ ਦੋ ਦਰਜਨ ਕਿਸਾਨ ਸਮਰਥਕਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਦਘਾਟਨ ਵਾਲੀ ਥਾਂ ’ਤੇ ਜਾਣ ਲਈ ਬਜ਼ਿੱਦ ਕਿਸਾਨ ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸੈਕਟਰ-31 ਦੇ ਪੁਲੀਸ ਥਾਣੇ ਭੇਜ ਦਿੱਤਾ।