ਮੁਕੇਸ਼ ਕੁਮਾਰ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ਦੀ ਟਾਊਨ ਵੈਂਡਿੰਗ ਕਮੇਟੀ (ਟੀਵੀਸੀ) ਦੀ ਅੱਜ ਹੋਈ ਮੀਟਿੰਗ ਦੌਰਾਨ ਜਿੱਥੇ ਨਿਗਮ ਵੱਲੋਂ ਸ਼ਹਿਰ ਵਿੱਚ ਮਾਡਲ ਵੈਂਡਿੰਗ ਜ਼ੋਨ ਬਣਾਉਣ ਦੀ ਤਜਵੀਜ਼ ਨੂੰ ਹਰੀ ਝੰਡੀ ਦਿੱਤੀ ਗਈ ਉੱਥੇ ਹੀ ਕਮੇਟੀ ਵਿੱਚ ਸ਼ਾਮਲ ਸ਼ਹਿਰ ਦੇ ਵਪਾਰੀਆਂ ਨੇ ਮਾਰਕੀਟਾਂ ਤੇ ਜਨਤਕ ਥਾਵਾਂ ’ਤੇ ਅਣਅਧਿਕਾਰਤ ਰੇਹੜੀ-ਫੜ੍ਹੀ ਵਾਲਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਦਾ ਮੁੱਦਾ ਚੁੱਕਿਆ। ਟੀਵੀਸੀ ਦੀ ਚੇਅਰਪਰਸਨ ਅਨਿੰਦਿਤਾ ਮਿੱਤਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਪਾਰੀ ਵਰਗ ਦੇ ਮੈਂਬਰਾਂ ਵੱਲੋਂ ਅਣਅਧਿਕਾਰਤ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਵਕਾਲਤ ਕੀਤੀ ਗਈ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸ਼ਹਿਰ ਵਿੱਚ ਅਣ-ਅਧਿਕਾਰਤ ਰੇਹੜੀ-ਫੜ੍ਹੀ ਵਾਲਿਆਂ ਸਣੇ ਲਾਇਸੈਂਸ ਫੀਸ ਦੇ ਬਕਾਏਦਾਰ ਰਜਿਸਟਰਡ ਵੈਂਡਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਆਰਕੀਟੈਕਟ ਦੀ ਤਜਵੀਜ਼ ਅਨੁਸਾਰ 10 ਵੈਂਡਿੰਗ ਜ਼ੋਨਾਂ ਵਿੱਚ ਮਾਡਲ ਵੈਂਡਿੰਗ ਜ਼ੋਨਾਂ ਦੇ ਵਿਕਾਸ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਟੀਵੀਸੀ ਦੀ ਚੇਅਰਪਰਸਨ ਅਨਿੰਦਿਤਾ ਮਿੱਤਰਾ ਨੇ ਇਹ ਨਿਰਦੇਸ਼ ਵੀ ਦਿੱਤਾ ਕਿ ਵੈਂਡਰ ਸੈੱਲ ਅਤੇ ਐਨਫੋਰਸਮੈਂਟ ਵਿੰਗ ਮਿਲ ਕੇ ਵੈਂਡਿੰਗ ਜ਼ੋਨ ਦੇ ਰਜਿਸਟਰਡ ਸਟ੍ਰੀਟ ਵੈਂਡਰਾਂ ਨੂੰ ਟਰੈਕ ਕਰਨਗੇ। ਟਾਊਨ ਵੈਂਡਿੰਗ ਕਮੇਟੀ ਨੇ ਟਰਾਂਸਜੈਂਡਰ ਅਤੇ ਐੱਚਆਈਵੀ/ਏਡਜ਼ ਨਾਲ ਪੀੜਤ ਵੈਂਡਰਾਂ ਨੂੰ ਮਹੀਨਾਵਾਰ ਸਟ੍ਰੀਟ ਵੈਂਡਿੰਗ ਫੀਸ ਵਿੱਚ 25 ਫ਼ੀਸਦ ਦੀ ਛੋਟ ਦੇਣ ਨੂੰ ਮਨਜ਼ੂਰੀ ਵੀ ਦਿੱਤੀ। ਸ਼ਹਿਰ ਵਿੱਚ ਅਣ-ਅਧਿਕਾਰਤ ਰੇਹੜੀ-ਫੜ੍ਹੀਆਂ ਵਾਲਿਆਂ ਦੇ ਕਬਜ਼ਿਆਂ ਨੂੰ ਰੋਕਣ ਲਈ ਟਾਊਨ ਵੈਂਡਿੰਗ ਕਮੇਟੀ ਨੇ ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਏਰੀਆ ਸਬ-ਇੰਸਪੈਕਟਰ ਰਾਹੀਂ ਅਣ-ਅਧਿਕਾਰਤ ਵੈਂਡਰਾਂ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਟੀਵੀਸੀ ਦੀ ਚੇਅਰਪਰਸਨ ਅਨਿੰਦਿਤਾ ਮਿੱਤਰਾ ਨੇ ਸਟ੍ਰੀਟ ਵੈਂਡਰਾਂ, ਵਪਾਰ ਮੰਡਲ, ਸ਼ਹਿਰ ਵਾਸੀਆਂ ਤੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਮੁਕਤ ਅਤੇ ਜ਼ੀਰੋ ਵੇਸਟ ਮੁਕਤ ਸ਼ਹਿਰ ਬਣਾਉਣ ਅਤੇ ਚੰਡੀਗੜ੍ਹ ਨੂੰ ਸਵੱਛ ਸਰਵੇਖਣ 2023 ਵਿੱਚ ਪ੍ਰਮੁੱਖ ਸਥਾਨ ਹਾਸਲ ਕਰਨ ਵਿੱਚ ਸਹਿਯੋਗ ਕਰਨ। ਮੀਟਿੰਗ ਵਿੱਚ ਟੀਵੀਸੀ ਦੇ ਮੈਂਬਰ ਅਨੀਸ਼ ਗਰਗ, ਰਵਿੰਦਰ ਸਿੰਘ, ਮੁਕੇਸ਼ ਗਿਰੀ, ਸਭਰਾ, ਚੰਚਲ ਰਾਣੀ ਤੋਂ ਇਲਾਵਾ ਨਿਗਮ ਦੇ ਕੌਂਸਲਰ ਵੀ ਵਿਸ਼ੇਸ਼ ਸੱਦੇ ਤਹਿਤ ਸ਼ਾਮਲ ਹੋਏ, ਜਿਨ੍ਹਾਂ ਵਿੱਚ ਅੰਜੂ ਕਤਿਆਲ, ਮਨੋਜ ਸੋਨਕਰ, ਨਿਰਮਲਾ, ਚੰਡੀਗੜ੍ਹ ਵਪਾਰ ਮੰਡਲ ਦੇ ਅਹੁਦੇਦਾਰ ਚਰਨਜੀਵ ਸਿੰਘ, ਸੰਜੀਵ ਚੱਢਾ, ਉਦਯੋਗ ਵਪਾਰ ਮੰਡਲ ਤੋਂ ਕੈਲਾਸ਼ ਜੈਨ,. ਨਰੇਸ਼ ਕੁਮਾਰ, ਐੱਸਪੀ (ਟਰੈਫਿਕ) ਤੇ ਚੀਫ ਆਰਕੀਟੈਕਟ ਸ਼ਾਮਲ ਸਨ।
ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਨਵੇਂ ਵੈਂਡਿੰਗ ਜ਼ੋਨ ਦੀ ਤਜਵੀਜ਼ ਦਾ ਵਿਰੋਧ
ਟੀਵੀਸੀ ਦੀ ਮੀਟਿੰਗ ਦੌਰਾਨ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਣਜੀਵ ਸਿੰਘ ਨੇ ਸ਼ਹਿਰ ਦੇ ਸੈਕਟਰ 24 ਡੀ, 32ਡੀ, 37ਡੀ ਤੇ 41ਡੀ ਵਿੱਚ ਨਵੇਂ ਵੈਂਡਿੰਗ ਜ਼ੋਨ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਇਹ ਇਲਾਕੇ ਪਹਿਲਾਂ ਹੀ ਭੀੜ ਵਾਲੇ ਹਨ। ਇੱਥੇ ਵੈਂਡਿੰਗ ਜ਼ੋਨ ਬਣਾਉਣ ਨਾਲ ਹੋਰ ਵੀ ਜ਼ਿਆਦਾ ਮੁਸ਼ਕਲ ਪੈਦਾ ਹੋ ਜਾਵੇਗੀ। ਮੀਟਿੰਗ ਦੌਰਾਨ ਸੀਬੀਐੱਮ ਦੇ ਜਨਰਲ ਸਕੱਤਰ ਸੰਜੀਵ ਚੱਢਾ ਨੇ ਸੈਕਟਰ 17 ਦੀ ਮਾਰਕੀਟ ਵਿੱਚ ਬੈਠੇ ਅਣਅਧਿਕਾਰਤ ਵੈਂਡਰਾਂ ਦਾ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਸੈਕਟਰ 17 ਵਿੱਚ ਵੈਂਡਰ ਜ਼ੋਨ ਨਾ ਹੋਣ ਦੇ ਬਾਵਜੂਦ ਇੱਥੇ ਰੇਹੜੀ-ਫੜ੍ਹੀ ਵਾਲਿਆਂ ਨੇ ਮੁੜ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇੱਥੇ ਨਿਗਮ ਦੇ ਐਨਫੋਰਸਮੇਂਟ ਵਿੰਗ ਦੀ ਟੀਮ ਰਾਤ 9 ਵਜੇ ਤੱਕ ਤਾਇਨਾਤ ਰਹੇ। ਉੱਧਰ, ਉਦਯੋਗ ਵਪਾਰ ਮੰਡਲ ਚੰਡੀਗੜ ਦੇ ਪ੍ਰਧਾਨ ਕੈਲਾਸ਼ ਚੰਦ ਜੈਨ ਅਤੇ ਸਕੱਤਰ ਨਰੇਸ਼ ਕੁਮਾਰ ਨੇ ਟੀਵੀਸੀ ਦੀ ਮੀਟਿੰਗ ਦੌਰਾਨ ਵਿਸ਼ੇਸ਼ ਮੈਂਬਰ ਦੇ ਰੂਪ ਵਿੱਚ ਹਿੱਸਾ ਲਿਆ। ਉਨ੍ਹਾਂ ਮੀਟਿੰਗ ਵਿੱਚ ਵੈਂਡਰਾਂ ਨੂੰ ਸ਼ਹਿਰ ਦੀਆਂ ਮਾਰਕੀਟਾਂ ਤੋਂ ਬਾਹਰ ਥਾਂ ਦੇਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸ਼ਹਿਰ ਦੀਆਂ ਮਾਰਕੀਟਾਂ ਦਾ ਡਿਜ਼ਾਈਨ ਤੇ ਪਲਾਨਿੰਗ ਮਾਰਕੀਟ ਦੀਆਂ ਦੁਕਾਨਾਂ ਦੀ ਗਿਣਤੀ ਮੁਤਾਬਕ ਹੀ ਕੀਤੀ ਗਈ ਹੈ। ਮਾਰਕੀਟਾਂ ਦੀ ਪਾਰਕਿੰਗ ਅਤੇ ਫੁਟਪਾਥ ਆਮ ਲੋਕਾਂ ਦੀ ਸਹੂਲਤ ਲਈ ਖਾਲੀ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੈਕਟਰ 19 ਵਿੱਚ ਬੈਠੇ ਵੈਂਡਰਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਅਤੇ ਸੈਕਟਰ 19 ਦੇ ਸਦਰ ਬਾਜ਼ਾਰ ਜਾਂ ਕਿਸੇ ਹੋਰ ਛੋਟੀ ਤੰਗ ਮਾਰਕੀਟ ਵਿੱਚ ਵੈਂਡਰਾਂ ਨੂੰ ਥਾਂ ਦੇਣ ਦੀ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ।
ਚੰਡੀਗੜ੍ਹ ਵਿੱਚ ਅੱਜ ਤੇ ਭਲਕ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਲਈ ਕਜੌਲੀ ਵਾਟਰ ਵਰਕਸ ਦੇ ਫੇਜ਼-3 ਦੀ ਸਪਲਾਈ ਲਾਈਨ ਵਿੱਚ ਪਿੰਡ ਮੜੌਲੀ ਅਤੇ ਨੇੜਲੇ ਇਲਾਕਿਆਂ ਵਿੱਚ ਵੱਖ-ਵੱਖ ਪੁਆਇੰਟਾਂ ’ਤੇ ਲੀਕੇਜ ਦੀ ਸਮੱਸਿਆ ਹੋਣ ਕਾਰਨ ਸਪਲਾਈ ਲਾਈਨ ਦੀ ਮੁਰੰਮਤ ਕਾਰਨ ਚੰਡੀਗੜ੍ਹ ਵਿੱਚ ਭਲਕ ਤੋਂ ਦੋ ਦਿਨਾਂ ਲਈ ਸ਼ਾਮ ਵੇਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਨਗਰ ਨਿਗਮ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੁਰੰਮਤ ਨੂੰ ਲੈ ਕੇ ਭਲਕੇ 7 ਜੁਲਾਈ ਤੇ 8 ਜੁਲਾਈ ਨੂੰ ਚੰਡੀਗੜ੍ਹ ਵਿੱਚ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੇਵੇਗੀ। ਦੋਵੇਂ ਦਿਨ ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਵਾਂਗ ਰਹੇਗੀ। ਇਹ ਜਾਣਕਾਰੀ ਚੰਡੀਗੜ੍ਹ ਨਗਰ ਨਿਗਮ ਦੇ ਬੁਲਾਰੇ ਨੇ ਦਿੱਤੀ ਹੈ।