ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਫਰਵਰੀ
ਚੰਡੀਗੜ੍ਹ ਵਿਕਾਸ ਕਮੇਟੀ ਨੇ ਸਿਟੀ ਬਿਊਟੀਫੁੱਲ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਚੰਡੀਗੜ੍ਹ ਵਿਕਾਸ ਸਮਿਤੀ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਲਾਈਟ ਪੁਆਇੰਟਾਂ ’ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜੇਗੀ ਤਾਂ ਜੋ ਬੱਚੇ ਭੀਖ ਮੰਗਣ ਦੀ ਥਾਂ ਪੜ੍ਹ ਸਕਣ। ਇਸ ਤੋਂ ਇਲਾਵਾ ਭੀਖ ਮੰਗਣ ਵਾਲੀਆਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਬਾਰੇ ਚੰਡੀਗੜ੍ਹ ਵਿਕਾਸ ਸਮਿਤੀ ਦੀ ਪ੍ਰਧਾਨ ਡਾ. ਸੰਦੀਪ ਸੰਧੂ ਨੇ ਕਿਹਾ ਕਿ ਔਰਤਾਂ ਨੂੰ ਸਿਲਾਈ-ਕਢਾਈ ਤੋਂ ਲੈ ਕੇ ਘਰ ਵਿਚ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਸ਼ਹਿਰਾਂ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਹਨ, ਇਸ ਤਹਿਤ ਭੀਖ ਮੰਗਣ ਵਾਲਿਆਂ ਦੀ ਬਣਦੀ ਮਦਦ ਕੀਤੀ ਜਾਵੇਗੀ। ਡਾ. ਸੰਦੀਪ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਦਾ ਦੇਸ਼-ਵਿਦੇਸ਼ ਵਿੱਚ ਇੱਕ ਸੁੰਦਰ ਸ਼ਹਿਰ ਵਜੋਂ ਅਕਸ ਹੈ। ਇਸ ਸਮੇਂ ਸ਼ਹਿਰ ਦੇ ਚੌਕਾਂ, ਬਾਜ਼ਾਰਾਂ ਅਤੇ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਭਿਖਾਰੀ ਵੱਡੀ ਗਿਣਤੀ ’ਚ ਮੌਜੂਦ ਹਨ। ਇਸ ਨਾਲ ਸ਼ਹਿਰ ਦਾ ਅਕਸ ਵੀ ਖ਼ਰਾਬ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਕਾਸ ਸਮਿਤੀ ਭੀਖ ਮੰਗਣ ਵਾਲੇ ਛੋਟੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਕੰਮ ਕਰੇਗੀ। ਭੀਖ ਮੰਗਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਭੀਖ ਮੰਗਣ ਤੋਂ ਦੂਰ ਰਹਿਣ। ਇਸ ਦੇ ਲਈ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਵੀ ਜੋੜਿਆ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਵਿਕਾਸ ਸਮਿਤੀ ਵੱਲੋਂ ਜਲਦੀ ਹੀ ਸਰਵੇਖਣ ਸ਼ੁਰੂ ਕੀਤਾ ਜਾਵੇਗਾ। ਸਮਿਤੀ ਦੀ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰੇਗੀ। ਇਹ ਦੇਖਿਆ ਜਾਵੇਗਾ ਕਿ ਸ਼ਹਿਰ ਵਿੱਚ ਕਿੰਨੇ ਭਿਖਾਰੀ ਹਨ ਅਤੇ ਉਨ੍ਹਾਂ ਦੇ ਭੀਖ ਮੰਗਣ ਦਾ ਮੁੱਖ ਕਾਰਨ ਕੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਿਖਾਰੀ ਮੁਕਤ ਐਲਾਨੇ ਗਏ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਪੰਚਕੂਲਾ ਨੂੰ ਸ਼ਾਮਲ ਕੀਤਾ ਗਿਆ ਹੈ। ਚੰਡੀਗੜ੍ਹ ਵਿਕਾਸ ਸਮਿਤੀ ਇਹ ਵੀ ਦੇਖੇਗੀ ਕਿ ਕੋਈ ਵੀ ਅੰਗਹੀਣ ਜਾਂ ਬਿਮਾਰ ਹੋਣ ਕਾਰਨ ਭੀਖ ਮੰਗਣ ਲਈ ਮਜਬੂਰ ਨਾ ਹੋਵੇ। ਅਜਿਹੇ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ। ਡਾ. ਸੰਧੂ ਅਨੁਸਾਰ ਚੰਡੀਗੜ੍ਹ ਵਿਕਾਸ ਸਮਿਤੀ ਵੱਲੋਂ ਵੱਖ-ਵੱਖ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ| ਇਨ੍ਹਾਂ ਗਤੀਵਿਧੀਆਂ ਦਾ ਮਕਸਦ ਸਮਾਜ ਦੇ ਪੱਛੜੇ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੈ।