ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਅਪਰੈਲ
ਹਾਊਸਿੰਗ ਬੋਰਡ ਚੰਡੀਗੜ੍ਹ ਦੇ ਅਲਾਟੀਆਂ ਲਈ ਰਾਹਤ ਭਰੀ ਖ਼ਬਰ ਹੈ ਕਿ ਬੋਰਡ ਦੇ ਮਕਾਨਾਂ ਵਿਚ ਕੀਤੀਆਂ ਗ਼ੈਰਕਾਨੂੰਨੀ ਉਸਾਰੀਆਂ ’ਤੇ ਮਕਾਨਾਂ ਦੀ ਟਰਾਂਸਫਰ ’ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਬੋਰਡ ਵੱਲੋਂ ਅੱਜ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਨਾਮਜ਼ਦ ਡਾਇਰੈਕਟਰਾਂ ਹਿਤੇਸ਼ ਪੁਰੀ ਅਤੇ ਪੂਨਮ ਸ਼ਰਮਾ ਵੱਲੋਂ ਬੋਰਡ ਦੀ ਪਿਛਲੇ ਮਹੀਨੇ ਅੱਠ ਮਾਰਚ ਨੂੰ ਹੋਈ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਮੀਟਿੰਗ ਵਿੱਚ ਹਿਤੇਸ਼ ਪੁਰੀ ਨੇ ਇੱਥੋਂ ਦੇ ਮਿਲਖ ਵਿਭਾਗ ਦੀ ਉਦਾਹਰਨ ਦਿੰਦਿਆਂ ਮੰਗ ਕੀਤੀ ਸੀ ਕਿ ਮਿਲਖ ਦਫ਼ਤਰ ਵਿੱਚ ਨਿਯਮਾਂ ਦੀ ਓਲੰਘਣਾ ਦੇ ਬਾਵਜੂਦ ਜਾਇਦਾਦ ਦੀ ਟਰਾਂਸਫਰ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਇਸ ਤਰਜ਼ ’ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਵੀ ਰਾਹਤ ਦਿੱਤੀ ਜਾਵੇ ਅਤੇ ਬੋਰਡ ਅਨੁਸਾਰ ਨਾਜਾਇਜ਼ ਉਸਾਰੀਆਂ ਵਾਲੇ ਫਲੈਟਾਂ ਦੀ ਟਰਾਂਸਫਰ ਖੋਲ੍ਹੀ ਜਾਵੇ। ਬੋਰਡ ਮੈਂਬਰ ਪੂਨਮ ਸ਼ਰਮਾ ਨੇ ਦੱਸਿਆ ਕਿ ਸਾਲ 2008 ਤੋਂ ਪਹਿਲਾਂ ਇਸ ਤਰ੍ਹਾਂ ਮਾਮਲੇ ਵਿੱਚ ਫਲੈਟਾਂ ਦੀ ਟਰਾਂਸਫਰ ਦੀ ਇਜਾਜ਼ਤ ਸੀ। ਉਨ੍ਹਾਂ ਮੀਟਿੰਗ ਦੌਰਾਨ ਬੋਰਡ ਦੇ ਸੀਈਓ ਯਸ਼ਪਾਲ ਗਰਗ ਅਤੇ ਚੇਅਰਮੈਨ ਧਰਮਪਾਲ ਨੂੰ ਦਿੱਤੀ ਗਈ ਇਸ ਦਲੀਲ ਅਤੇ ਅਰਜ਼ੋਈ ਤੋਂ ਬਾਅਦ ਬੋਰਡ ਨੇ ਅਜਿਹੇ ਮਾਮਲਿਆਂ ਵਿੱਚ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ’ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਯਸ਼ਪਾਲ ਗਰਗ ਅਤੇ ਪ੍ਰਸ਼ਾਸਕ ਦੇ ਸਲਾਹਕਾਰ ’ਤੇ ਬੋਰਡ ਦੇ ਚੇਅਰਮੈਨ ਧਰਮਪਾਲ ਨੇ ਅੱਜ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ। ਪੂਨਮ ਸ਼ਰਮਾ ਨੇ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਵੀ ਰੈਗੂਲਰ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਹੁਕਮਾਂ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਦੀ ਟਰਾਂਸਫਰ ਲਈ ਜਿਸ ਵਿਅਕਤੀ ਦੇ ਨਾਂ ’ਤੇ ਮਕਾਨ ਦੀ ਟਰਾਂਸਫਰ ਹੋਣੀ ਹੋਵੇਗੀ, ਉਹ ਇੱਕ ਹਲਫੀਆ ਬਿਆਨ ਅਤੇ ਬਾਂਡ ਦੇ ਕੇ ਮਕਾਨ ਟਰਾਂਸਫਰ ਕਰਵਾ ਸਕਦਾ ਹੈ।
ਵੱਖ-ਵੱਖ ਧਿਰਾਂ ਵੱਲੋਂ ਫ਼ੈਸਲੇ ਦੀ ਸ਼ਲਾਘਾ
ਚੰਡੀਗੜ੍ਹ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜਤ ਮਲਹੋਤਰਾ ਨੇ ਬੋਰਡ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਦੇ ਨਾਂ ’ਤੇ ਰੁਕੀਆਂ ਫਲੈਟਾਂ ਦੀਆਂ ਅਲਾਟਮੈਂਟਾਂ ਸ਼ੁਰੂ ਹੋਣ ਨਾਲ ਵੱਡੀ ਗਿਣਤੀ ਲੋਕਾਂ ਨੂੰ ਰਾਹਤ ਮਿਲੇਗੀ। ਪ੍ਰਸ਼ਾਸਨ ਦੇ ਇਸ ਫੈਸਲੇ ਦਾ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਵੀ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਨਾਲ ਜਿੱਥੇ ਸ਼ਹਿਰ ਦੇ ਕਰੀਬ 65,000 ਅਲਾਟੀਆਂ ਨੂੰ ਲਾਭ ਹੋਵੇਗਾ, ਉੱਥੇ ਹੀ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਵਿੱਚ ਫਲੈਟਾਂ ਦੀਆਂ ਟਰਾਂਸਫਰ ਲਈ ਬਕਾਇਆ ਪਈਆਂ 2000 ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਅਰੁਣ ਸੂਦ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਰੇ ਨਾਮਜ਼ਦ ਡਾਇਰੈਕਟਰਾਂ ਨੂੰ ਇਸ ਲਈ ਵਧਾਈ ਦਿੱਤੀ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।