ਆਤਿਸ਼ ਗੁਪਤਾ
ਚੰਡੀਗੜ੍ਹ, 21 ਸਤੰਬਰ
ਟ੍ਰਾਈਸਿਟੀ ਵਿੱਚ ਅੱਜ ਦੁਪਹਿਰ ਬਾਅਦ ਪਏ ਭਰਵੇਂ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ। ਬੁੱਧਵਾਰ ਤੜਕੇ ਕਿਣ-ਮੀਣ ਤੋਂ ਬਾਅਦ ਦਿਨ ਭਰ ਸ਼ਹਿਰ ਵਿੱਚ ਬੱਦਲਵਾਈ ਰਹੀ ਅਤੇ ਬਾਅਦ ਦੁਪਹਿਰ ਪਏ ਭਾਰੀ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਪਾਣੀ-ਪਾਣੀ ਕਰ ਦਿੱਤਾ। ਇਸ ਨਾਲ ਰਾਹਗੀਰਾਂ ਨੇ ਮੌਸਮ ਦਾ ਆਨੰਦ ਮਾਣਿਆ ਤਾਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਦਿੱਕਤਾਂ ਦਾ ਸਾਹਮਣਾ ਕੀਤਾ। ਮੌਸਮ ਵਿਭਾਗ ਨੇ ਤਿੰਨ-ਚਾਰ ਦਿਨ ਮਾਮੂਲੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਤੱਕ ਚੰਡੀਗੜ੍ਹ ’ਚ 43.8 ਐੱਮਐੱਮ, ਮੁਹਾਲੀ ’ਚ 23 ਐੱਮਐੱਮ ਤੇ ਪੰਚਕੂਲਾ ’ਚ 12.5 ਐੱਮਐੱਮ ਮੀਂਹ ਪਿਆ। ਇਸ ਦੇ ਨਾਲ ਹੀ ਟਰਾਸਿਟੀ ਦਾ ਤਾਪਮਾਨ ਵੀ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਦੁਪਹਿਰ ਸਮੇਂ ਇਕਦਮ ਤੇਜ਼ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਕਰਮਜੀਤ ਸਿੰਘ ਚਿੱਲਾ
ਬਨੂੜ, 21 ਸਤੰਬਰ
ਇਥੇ ਅੱਜ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਨਾਲ ਬਨੂੜ ਦੀ ਮੰਡੀ ਵਿੱਚ ਫੜ੍ਹਾਂ ਉੱਤੇ ਸੁੱਕਣਾ ਪਾਇਆ ਝੋਨਾ ਪਾਣੀ ਵਿੱਚ ਵਹਿ ਗਿਆ ਅਤੇ ਝੋਨੇ ਦੀਆਂ ਢੇਰੀਆਂ ਥੱਲੇ ਵੀ ਪਾਣੀ ਭਰ ਗਿਆ। ਬੋਰੀਆਂ ਭਰ ਕੇ ਸ਼ੈੱਡ ਦੇ ਥੱਲੇ ਲਗਾਏ ਝੋਨੇ ਦਾ ਬਚਾਅ ਹੋ ਗਿਆ। ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਅਗੇਤੀਆਂ ਕਿਸਮਾਂ ਦਾ ਝੋਨਾ ਲੱਗਦਾ ਹੈ ਤੇ ਪੱਕਿਆ ਖੜ੍ਹਿਆ ਇਹ ਝੋਨਾ ਮੀਂਹ ਨਾਲ ਡਿੱਗਣ ਦਾ ਖਤਰਾ ਹੈ। ਬਨੂੜ ਮੰਡੀ ਵਿੱਚ ਅੱਜ ਛੇ ਸੌ ਕੁਇੰਟਲ ਤੋਂ ਵੱਧ ਝੋਨਾ ਆਇਆ ਸੀ। ਕਿਸਾਨਾਂ ਨੇ ਇਹ ਝੋਨਾ ਫੜ੍ਹਾਂ ਉੱਤੇ ਸੁੱਕਣਾ ਪਾਇਆ ਹੋਇਆ ਸੀ। ਅਚਾਨਕ ਆਈ ਤੇਜ਼ ਬਾਰਸ਼ ਕਾਰਨ ਕਿਸਾਨ ਆਪਣੇ ਝੋਨੇ ਨੂੰ ਸਾਂਭ ਨਾ ਸਕੇ ਅਤੇ ਮੀਂਹ ਦੇ ਪਾਣੀ ਵਿੱਚ ਝੋਨਾ ਵਹਿ ਗਿਆ। ਝੋਨੇ ਦੀਆਂ ਢੇਰੀਆਂ ਦੇ ਥੱਲੇ ਵੀ ਪਾਣੀ ਫਿਰ ਗਿਆ। ਮੰਡੀ ’ਚ ਝੋਨਾ ਲੈ ਕੇ ਆਏ ਕਿਸਾਨ ਕੁਲਵੰਤ ਸਿੰਘ ਬਨੂੜ, ਪੰਜਾਬ ਸਿੰਘ ਹੁਲਕਾ ਅਤੇ ਦਲਜੀਤ ਸਿੰਘ ਪਿੰਡ ਬੂਟਾਸਿੰਘ ਵਾਲਾ ਨੇ ਦੱਸਿਆ ਕਿ ਮੰਡੀ ਵਿੱਚ ਪਾਣੀ ਦਾ ਕੋਈ ਨਿਕਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਕਾਸ ਨਾ ਹੋਣ ਕਾਰਨ ਸੈੱਡ ਦਾ ਤੇਜ਼ ਵਹਾਅ ਵਾਲਾ ਪਾਣੀ ਝੋਨੇ ਨੂੰ ਹੜਾ ਕੇ ਲੈ ਗਿਆ। ਸੈੱਡ ਦੇ ਪਾਣੀ ਦੇ ਨਿਕਾਸ ਲਈ ਇੱਕ ਥਾਂ ਨੂੰ ਪਾਈਪ ਪਾਏ ਜਾਣ ਦੀ ਆੜ੍ਹਤੀ ਲੰਮੇਂ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ।
ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੀ ਖੁਲੀ ਪੋਲ
ਮਾਰਕੀਟ ਕਮੇਟੀ ਬਨੂੜ ਵੱਲੋਂ ਝੋਨੇ ਦੀ ਖਰੀਦ ਲਈ ਢੁਕਵੇਂ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਆੜ੍ਹਤੀਆਂ ਕੋਲ ਵੀ ਝੋਨੇ ਦੀਆਂ ਢੇਰੀਆਂ ਨੂੰ ਸਾਂਭਣ ਲਈ ਲੋੜੀਂਦੀਆਂ ਤਰਪਾਲਾਂ ਦੀ ਘਾਟ ਨਜ਼ਰ ਆਈ। ਸੀਵਰੇਜ ਸਿਸਟਮ ਵਾਲੀ ਮੋਟਰ ਦਾ ਕੁਨੈਕਸ਼ਨ ਜਨਰੇਟਰ ਨਾਲ ਨਾ ਜੁੜ੍ਹਿਆ ਹੋਣ ਕਾਰਨ ਪਾਣੀ ਦਾ ਨਿਕਾਸ ਠੱਪ ਹੋ ਗਿਆ। ਬਾਰਿਸ਼ ਸਮੇਂ ਬਿਜਲੀ ਬੰਦ ਹੋਣ ਕਾਰਨ ਮੋਟਰ ਨਹੀਂ ਚੱਲੀ ਅਤੇ ਕਿਸਾਨਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ। ਮੰਡੀ ਦੇ ਸੁਪਰਵਾਈਜ਼ਰ ਗੁਰਮੀਤ ਸਿੰਘ ਨੇ ਦੱਸਿਆ ਜਨਰੇਟਰ ਅਤੇ ਸ਼ੈੱਡ ਦੇ ਪਾਣੀ ਨੂੰ ਉਤਾਰਨ ਲਈ ਪਾਈਪ ਪਾਉਣ ਬਾਰੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ ਹੈ।