ਮੁਕੇਸ਼ ਕੁਮਾਰ
ਚੰਡੀਗੜ੍ਹ, 8 ਜਨਵਰੀ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਮੌਜੂਦਾ ਮੇਅਰ ਅਨੂਪ ਗੁਪਤਾ ਦੀ ਅਗਵਾਈ ਹੇਠ ਹੋਣ ਵਾਲੀ ਇਹ ਆਖਰੀ ਮੀਟਿੰਗ ਹੈ, ਇਸ ਤੋਂ ਬਾਅਦ ਇਸੇ ਮਹੀਨੇ ਚੋਣ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਵੇਗਾ। ਨਗਰ ਨਿਗਮ ਦੀ ਮੀਟਿੰਗ ਦੇ ਸਬੰਧ ਵਿੱਚ ਅੱਜ ਕੋ-ਇੰਚਾਰਜ ‘ਆਪ’ ਚੰਡੀਗੜ੍ਹ ਡਾ. ਐਸਐਸ ਆਹਲੂਵਾਲੀਆ ਨੇ ਆਪ ਦੇ ਕੌਂਸਲਰਾਂ ਦੇ ਨਾਲ ਪ੍ਰੀ-ਹਾਊਸ ਮੀਟਿੰਗ ਕੀਤੀ। ਮੀਟਿੰਗ ਵਿੱਚ ਕੱਲ ਨਗਰ ਨਿਗਮ ਵਿੱਚ ਪੇਸ਼ ਕੀਤੇ ਜਾਣ ਵਾਲੇ ਸਾਰੇ ਏਜੰਡਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ, ਕਿ ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਵਾਇਆ ਜਾ ਸਕਦਾ ਹੈ। ਡਾ. ਆਹਲੂਵਾਲੀਆ ਨੇ ਸ਼ਹਿਰ ਵਾਸੀਆਂ ਦੇ ਸਾਰੇ ਮੁੱਦਿਆਂ ਨੂੰ ਇੱਕ-ਇੱਕ ਕਰਕੇ ਕੌਂਸਲਰਾਂ ਦੇ ਨਾਲ ਵਿਚਾਰਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਦੀ ਭਲਾਈ ਦੇ ਲਈ ਹਰ ਏਜੰਡੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਉਸ ਉਤੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਸਿਆਸੀਆਂ ਪਾਰਟੀਆਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ। ਸਾਨੂੰ ਸ਼ਹਿਰ ਵਾਸੀਆਂ ਦੀਆਂ ਜਰੂਰਤਾਂ ਨੂੰ ਸਮਝਦੇ ਹੋਏ, ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਹੈ।
ਮੀਟਿੰਗ ਵਿੱਚ ਡਾ. ਆਹਲੂਵਾਲੀਆ ਨੇ ਅਗਲੇ ਕੁੱਝ ਦਿਨਾਂ ਵਿੱਚ ਸ਼ਹਿਰ ਵਿੱਚ ਹੋਣ ਜਾ ਰਹੀ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਬਾਰੇ ਵੀ ਸਾਰੇ ਕੌਂਸਲਰਾਂ ਨਾਲ ਚਰਚਾ ਅਤੇ ਰਣਨੀਤੀ ਤਿਆਰ ਕੀਤੀ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਕਿਹਾ ਕਿ ਇਸ ਵਾਰ ਨਗਰ ਨਿਗਮ ਦੇ ਵਿੱਚ ਆਪ ਆਪਣਾ ਮੇਅਰ ਬਨਾਉਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਕੌਂਸਲਰ ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਪ੍ਰੇਮ ਲਤਾ, ਕੁਲਦੀਪ ਕੁਮਾਰ, ਨੇਹਾ ਮੁਸਾਵਤ, ਅੰਜੂ ਕਟਿਆਲ, ਜਸਵਿੰਦਰ ਕੌਰ, ਪੂਨਮ ਕੁਮਾਰੀ, ਸੁਮਨ ਅਮਿਤ ਸ਼ਰਮਾ, ਲਖਬੀਰ ਸਿੰਘ, ਰਾਮ ਚੰਦਰ ਯਾਦਵ ਅਤੇ ਯੋਗੇਸ਼ ਢੀਂਗਰਾ ਮੌਜੂਦ ਰਹੇ।