ਮੁਕੇਸ਼ ਕੁਮਾਰ
ਚੰਡੀਗੜ੍ਹ, 30 ਅਕਤੂਬਰ
‘ਛੱਠ ਪੂਜਾ’ ਤਿਉਹਾਰ ਨੂੰ ਲੈ ਕੇ ਇੱਥੋਂ ਦੇ ਸੈਕਟਰ-42 ਸਥਿਤ ਨਿਊ ਲੇਕ, ਮਲੋਆ ਸਮੇਤ ਮਨੀਮਾਜਰਾ ਦੇ ਸ਼ਿਵਾਲਿਕ ਗਾਰਡਨ ਵਿੱਚ ਸ਼ਰਧਾਵਾਨਾਂ ਦਾ ਸੈਲਾਬ ਉਮੜਿਆ। ਹਾਲਾਂਕਿ ਪੂਰਵਾਂਚਲ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਸ਼ਹਿਰ ਵਿੱਚ ਹੋਰ ਕਈ ਥਾਵਾਂ ’ਤੇ ਛੱਠ ਪੂਜਾ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ ਪਰ ਸਭ ਤੋਂ ਵੱਧ ਭੀੜ ਇੱਥੇ ਸੈਕਟਰ 42 ਦੀ ਝੀਲ ’ਤੇ ਸੀ। ਚੰਡੀਗੜ੍ਹ ਟ੍ਰੈਫਿਕ ਪੁਲੀਸ ਵੱਲੋਂ ਖਾਸ ਐਡਵਾਈਜ਼ਰੀ ਜਾਰੀ ਕਰਦਿਆਂ ਸੈਕਟਰ 42 ਹੋਟਲ ਮੈਨੇਜਮੈਂਟ ਇੰਸਟੀਚਿਊਟ ਨੂੰ ਜਾਣ ਵਾਲੀ ਸੜਕ ਨੂੰ ਸੈਕਟਰ 41/42 ਦੇ ਮੋੜ ਤੋਂ ਬੰਦ ਕਰ ਦਿੱਤਾ ਗਿਆ ਹੈ।
ਇੱਥੇ ਅੱਜ ਮੇਅਰ ਸਰਬਜੀਤ ਕੌਰ, ਚੰਡੀਗੜ੍ਹ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ, ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ, ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਗੁਰਬਖਸ਼ ਰਾਵਤ, ਪ੍ਰੇਮਲਤਾ ਅਤੇ ਹਰਦੀਪ ਸਿੰਘ ਬੁਟੇਰਲਾ ਸਮੇਤ ਛੱਠ ਪੂਜਾ ਸਭਾ ਦੇ ਚੇਅਰਮੈਨ ਰਜਿੰਦਰ ਕੁਮਾਰ ਅਤੇ ਸੁਨੀਲ ਗੁਪਤਾ ਨੇ ਮੌਕੇ ’ਤੇ ਪੁੱਜ ਕੇ ਛੱਠ ਪੂਜਾ ਵਿੱਚ ਹਿੱਸਾ ਲਿਆ।
ਸੈਕਟਰ-42 ਦੀ ਝੀਲ ’ਤੇ ਛੱਠ ਪੂਜਾ ਲਈ ਕੁੱਲ 13 ਘਾਟ ਬਣਾਏ ਗਏ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਛੱਠ ਦੇ ਤਿਉਹਾਰ ਨੂੰ ਲੈ ਕੇ ਸੈਕਟਰ 42 ਦੀ ਨਵੀਂ ਝੀਲ ਦੀ ਸਫਾਈ ਕਰਵਾਉਣ ਤੋਂ ਬਾਅਦ ਦੋ ਟਿਊਬਵੈੱਲਾਂ ਨਾਲ ਝੀਲ ਵਿੱਚ ਪਾਣੀ ਭਰਿਆ ਗਿਆ। ਝੀਲ ਦੇ ਪੂਰੇ ਇਲਾਕੇ ਨੂੰ ਰੰਗ ਬਿਰੰਗੀ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।
ਇੱਥੇ ਅੱਜ ਵੱਡੀ ਗਿਣਤੀ ਪੁਰਵਾਂਚਲ ਵਾਸੀਆਂ ਨੇ ਪੁੱਜ ਕੇ ਰਵਾਇਤੀ ਢੰਗ ਨਾਲ ਛੱਠ ਪੂਜਾ ਕੀਤੀ। ਇਸ ਦੇ ਨਾਲ ਹੀ ਮਲੋਆ ਦੇ ਬੱਸ ਸਟੈਂਡ ਨੇੜੇ ਵੀ ਬਣਾਏ ਗਏ ਆਰਜ਼ੀ ਘਾਟ ’ਤੇ ਪੂਰਵਾਂਚਲ ਦੇ ਲੋਕਾਂ ਦਾ ਇਕੱਠ ਰਿਹਾ। ਇੱਥੇ ਵੀ ਛੱਠ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਛੱਠ ਪੂਜਾ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸੂਰਜ ਦੀ ਪੂਜਾ ਨਾਲ ਚਾਰ ਦਿਨਾਂ ਦਾ ਛੱਠ ਪੂਜਾ ਤਿਉਹਾਰ ‘ਨਹਾਓ -ਖਾਓ ਨਾਲ ਸ਼ੁਰੂ ਹੁੰਦਾ ਹੈ ਅਤੇ ਚੜ੍ਹਦੇ ਸੂਰਜ ਨੂੰ ਦੀ ਪੂਜਾ ਕਰਨ ਨਾਲ ਸਮਾਪਤ ਹੁੰਦਾ ਹੈ।