ਲੇਖਾ-ਜੋਖਾ 2023
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਦਸੰਬਰ
ਚੰਡੀਗੜ੍ਹ ਪੁਲੀਸ ਨੇ ਸਾਲ 2023 ਵਿੱਚ 17 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਤੋਂ ਵੱਡੀ ਮਾਤਰਾ ਵਿੱਚ ਪਿਸਤੌਲ, ਕਾਰਤੂਸ ਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਵੱਖ ਵੱਖ ਥਾਈਂ ਲੱਗੇ ਕੈਮਰਿਆਂ ਦੀ ਮਦਦ ਨਾਲ ਸਾਲ ਵਿੱਚ 410 ਦੇ ਕਰੀਬ ਮਾਮਲਿਆਂ ਨੂੰ ਸੁਲਝਾ ਲਿਆ ਹੈ। ਇਸ ਵਿੱਚ ਕਤਲ, ਇਰਾਦਾ ਕਤਲ, ਚੋਰੀ, ਐਕਸੀਡੈਂਟ, ਝਪਟਮਾਰੀ ਤੇ ਹੋਰ ਮਾਮਲੇ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਸਾਲ 2023 ਵਿੱਚ 338 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ 100 ਤੋਂ ਵੱਧ ਕਤਲ ਤੇ ਹੋਰ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਲੋਕਾਂ ਨਾਲ ਧੋਖਾਧੜੀਆਂ ਕਰਨ ਵਾਲੀ ਇਮੀਗ੍ਰੇਸ਼ਨ ਫਰਮਾਂ ਵਿਰੁੱਧ ਕਾਰਵਾਈ ਕਰਦਿਆਂ 78 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਸੇ ਦੌਰਾਨ ਕਈ ਲੋਕਾਂ ਨੂੰ ਠੱਗੀ ਲਗਾਉਣ ਸਬੰਧਈ ਪੈਸੇ ਵੀ ਵਾਪਸ ਕਰਵਾਏ ਹਨ। ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਨੌਂ ਸਪਾ ਸੇਂਟਰਾਂ ਨੂੰ ਬੰਦ ਕਰਵਾਇਆ ਹੈ, ਜਿੱਥੋਂ ਦਰਜਨਾਂ ਲੜਕੀਆਂ ਨੂੰ ਛੁਡਵਾਇਆ ਹੈ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ਵਿੱਚੋਂ ਨਸ਼ੀਲੇ ਪਦਾਰਥ ਲਿਆ ਕੇ ਚੰਡੀਗੜ੍ਹ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ 187 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੰਡੀਗੜ੍ਹ ਪੁਲੀਸ ਨੇ ਸਾਲ 2023 ਵਿੱਚ ਸ਼ਰਾਬ ਤਸਕਰੀ ਦੇ 633, ਸੱਟੇਬਾਜੀ ਦੇ 123, ਝਪਟਮਾਰੀ ਦੇ 148 ਦੇ ਕਰੀਬ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਚੋਰੀ ਦੇ ਮਾਮਲਿਆਂ ਨੂੰ ਸੁਲਝਾਉਂਦਿਆਂ ਲੋਕਾਂ ਦਾ ਲੱਖਾ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ।
700 ਡਰਾਈਵਿੰਗ ਲਾਇਸੈਂਸ ਹੋਏ ਰੱਦ
ਚੰਡੀਗੜ੍ਹ ਵਿੱਚ ਟਰੈਫਿਕ ਪੁਲੀਸ ਵੱਲੋਂ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਸਖਤੀ ਵਰਤੀ ਜਾਂਦੀ ਹੈ। ਟਰੈਫਿਕ ਪੁਲੀਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਚੰਡੀਗੜ੍ਹ ਰਜਿਸਟਰਾਰ ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 700 ਦੇ ਕਰੀਬ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਇਸ ਵਿੱਚ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਆਰਐੱਲਏ ਨੇ ਟ੍ਰਿਪਲ ਰਾਈਡਿੰਗ ਕਰਨ ਸਬੰਧੀ 457 ਜਣਿਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਓਵਰ ਸਪੀਡ ’ਤੇ ਵਾਹਨ ਚਲਾਉਣ ਸਬੰਧੀ 107, ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ 74, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਦੰ 18, ਲਾਲ ਬੱਤੀ ਦੀ ਉਲੰਘਣਾ ਕਰਨ ਸਬੰਧੀ 6 ਅਤੇ ਗਲਤ ਢੰਗ ਨਾਲ ਵਾਹਨ ਚਲਾਉਣਾ, ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ 4-4 ਅਤੇ ਹੋਰਨਾਂ ਮਾਮਲਿਆਂ ਵਿੱਚ 19 ਜਣਿਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਹਨ। ਆਰਐੱਲਏ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ 1 ਜਨਵਰੀ 2023 ਤੋਂ 30 ਦਸੰਬਰ 2023 ਤੱਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਟਰੈਫਿਕ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਦੌਰਾਨ ਗੰਭੀਰ ਮਾਮਲਿਆਂ ਵਿੱਚ ਟਰੈਫਿਕ ਪੁਲੀਸ ਵੱਲੋਂ ਲੋਕਾਂ ਦੇ ਟਰੈਫਿਕ ਚਾਲਾਨ ਨੂੰ ਕੁਝ ਸਮੇਂ ਲਈ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਆਰਐੱਲਏ ਨੇ ਟਰੈਫਿਕ ਪੁਲੀਸ ਦੀ ਸਿਫਾਰਿਸ਼ ’ਤੇ ਇਹ ਕਾਰਵਾਈ ਕੀਤੀ ਗਈ ਹੈ।