ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਹਰਪ੍ਰੀਤ ਸਿੰਘ ਤੋਂ ਪੁਛਗਿੱਛ ਦੇ ਆਧਾਰ ’ਤੇ ਦੋ ਹੋਰ ਨਸ਼ਾ ਤਸਕਰਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਮੰਗਵਾ ਕੇ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਸਨ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ (28) ਅਤੇ ਰਣਜੀਤ ਸਿੰਘ (40) ਵਾਸੀਆਨ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ 106.36 ਗਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲੀਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਰਣਜੀਤ ਸਿੰਘ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰ ਇਰਫਾਨ, ਨੂਰ, ਇਮਰਾਨ ਅਤੇ ਸ਼ਾਇਦਾ ਤੋਂ ਨਸ਼ੀਲੇ ਪਦਾਰਥ ਮੰਗਵਾਉਂਦੇ ਸਨ। ਮੁਲਜ਼ਮ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨੇ ਡਰੋਨ ਰਾਹੀਂ ਉਸ ਤੱਕ ਹੈਰੋਇਨ ਦੀ ਖੇਪ ਵੀ ਪਹੁੰਚਾਈ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਰਣਜੀਤ ਦਾ ਭਰਾ ਗੁਰਪ੍ਰੀਤ ਵਿਰੁੱਧ ਵੀ ਪਹਿਲਾਂ ਨਸ਼ਾਂ ਤਸਕਰੇ ਦੇ ਤਿੰਨ ਕੇਸ ਦਰਜ ਹਨ, ਜਦੋਂਕਿ ਉਸ ਦਾ ਪਿਤਾ ਇੰਦਰਜੀਤ ਸਿੰਘ ਵੀ ਆਰਡੀਐਕਸ ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਉਹ ਵੀ ਭਾਰਤ ਦੀ ਜਾਣਕਾਰੀਆਂ ਪਾਕਿਸਤਾਨ ਤੱਕ ਪਹੁੰਚਾਉਂਦਾ ਸੀ। ਜਦੋਂਕਿ ਦੂਜੇ ਰਣਜੀਤ ਸਿੰਘ ਵਿਰੁੱਧ ਵੀ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ।
ਚੰਡੀਗੜ੍ਹ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਪਿਛਲੇ ਦਿਨੀ ਮਨੀਮਾਜਰਾ ਵਿੱਚੋਂ ਹਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਨੂੰ 53.60 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ।
45.17 ਗਰਾਮ ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਦੀ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਵੱਖਰੇ ਮਾਮਲੇ ਵਿੱਚ ਕਾਰਵਾਈ ਕਰਦਿਆਂ 45.17 ਗਰਾਮ ਹੈਰੋਇਨ ਸਣੇ ਦੋ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਅਤੇ ਕਰਨਵੀਰ ਸਿੰਘ ਵਾਸੀਆਨ ਮੁਹਾਲੀ ਵਜੋਂ ਹੋਈ ਹੈ। ਪੁਲੀਸ ਨੇ ਸੈਕਟਰ-41/42 ਚੌਕ ’ਚ ਨਾਕੇ ਦੌਰਾਨ ਕਾਰ ਸਵਾਰ ਦੋਵਾਂ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ 45.17 ਗਰਾਮ ਹੈਰੋਇਨ ਬਰਾਮਦ ਕੀਤੀ।