ਕੁਲਦੀਪ ਸਿੰਘ
ਚੰਡੀਗੜ੍ਹ, 14 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ‘ਸੈਨੇਟ’ ਦੀਆਂ ਚੋਣਾਂ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਅਧਾਰ ’ਤੇ ਗਠਿਤ ਕੀਤੇ ਗਏ ਮੋਰਚੇ ਵੱਲੋਂ 12 ਨਵੰਬਰ ਨੂੰ ਕੀਤੇ ਗਏ ਪੈਦਲ ਰੋਸ ਮਾਰਚ ਉਪਰੰਤ ਚੰਡੀਗੜ੍ਹ ਪੁਲਿਸ ਨੇ ਕਈ ਵਿਦਿਆਰਥੀ ਆਗੂਆਂ ਉਤੇ ਕੇਸ ਦਰਜ ਕਰ ਲਿਆ ਹੈ।
’ਵਰਸਿਟੀ ਦੇ ਚੀਫ਼ ਸਕਿਓਰਿਟੀ ਅਫ਼ਸਰ ਵੱਲੋਂ ਦਿੱਤੀ ਸ਼ਿਕਾਇਤ ਉਤੇ ਪੁਲੀਸ ਸਟੇਸ਼ਨ ਸੈਕਟਰ 11 ਚੰਡੀਗੜ੍ਹ ’ਚ ਭਾਰਤੀ ਨਿਆਂ ਸੰਹਿਤਾ, 2023 ਤਹਿਤ ਦਰਜ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਕਿ ਵਾਈਸ ਚਾਂਸਲਰ ਦਫ਼ਤਰ ਅੱਗੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਪੈਦਲ ਰੋਸ ਮਾਰਚ ਕਰ ਕੇ ਲਾਅ ਆਡੀਟੋਰੀਅਮ ਵਿੱਚ ਚੱਲ ਰਹੇ ‘ਪੰਜਾਬ ਵਿਜ਼ਨ-2047’ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਆਡੀਟੋਰੀਅਮ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚੇ ਹੋਏ ਸਨ। ਵਿਦਿਆਰਥੀਆਂ ਨੇ ਅਥਾਰਿਟੀ ਦੀ ਕੋਈ ਮਨਜ਼ੂਰੀ ਆਦਿ ਵੀ ਨਹੀਂ ਲਈ ਸੀ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਡੀਟੋਰੀਅਮ ਵੱਲ ਗਏ ਜਿੱਥੇ ਕਿ ਪਾਰਕਿੰਗ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ।
ਦੂਜੇ ਪਾਸੇ ਪੁਲੀਸ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਵਿਦਿਆਰਥੀਆਂ ਨੇ ਫਿਰ ਇਕੱਠੇ ਹੋ ਕੇ ਸਟੂਡੈਂਟਸ ਸੈਂਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਪੀ.ਯੂ. ਅਥਾਰਿਟੀ ਅਤੇ ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਬੁਲਾਰਿਆਂ ਨੇ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਬਦਸਲੂਕੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਵਾਈਸ ਚਾਂਸਲਰ ਤੋਂ ਅਸਤੀਫ਼ੇ ਦੀ ਵੀ ਮੰਗ ਕੀਤੀ।
ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਧਰਨੇ ਵਿੱਚ ਸ਼ਮੂਲੀਅਤ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ, ਗੁਰਪ੍ਰਤਾਪ ਸਿੰਘ ਵਡਾਲ਼ਾ, ਸਿਕੰਦਰ ਸਿੰਘ ਮਲੂਕਾ, ਗਗਨਦੀਪ ਸਿੰਘ ਬਰਨਾਲ਼ਾ ਅਤੇ ਜਗਦੇਵ ਸਿੰਘ ਮਲੋਆ ਵੀ ਸ਼ਾਮਲ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਕੀਤੇ ਜਾ ਰਹੇ ਕੇਂਦਰੀਕਰਨ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇੱਥੇ ਸੈਨੇਟ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।