ਆਤਿਸ਼ ਗੁਪਤਾ
ਚੰਡੀਗੜ੍ਹ, 6 ਅਗਸਤ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਅਧੀਨ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਕੰਮਾਂ ਦੀ ਸ਼ੁਰੂਆਤ ਵਰਚੁਅਲ ਕੀਤੀ। ਇਸ ਯੋਜਨਾ ਅਧੀਨ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵੀ ਮੁੜ ਵਿਕਸਿਤ ਕੀਤਾ ਜਾ ਰਿਹਾਹੈ। ਇਸੇ ਲਈ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਕੰਮਾਂ ਦੀ ਸ਼ੁਰੂਆਤ ਲਈ ਚੰਡੀਗੜ੍ਹ ’ਚ ਸਮਾਗਮ ਕਰਵਾਇਆ ਗਿਆ। ਅੱਜ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਕੰਮਾਂ ਲਈ ਵਰਚੁਅਲ ਢੰਗ ਨਾਲ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਮੌਜੂਦ ਰਹੇ।
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੀ ਸ਼ਲਾਘਾ ਕੀਤੀ। ਇਸ ਯੋਜਨਾ ਅਧੀਨ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ 511 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਪੰਜਾਬ ਦੇ 22 ਤੇ ਹਰਿਆਣਾ ਦੇ 15 ਰੇਲਵੇ ਸਟੇਸ਼ਨਾਂ ਨੂੰ ਵਿਕਸਿਤ ਕੀਤਾ ਜਾ ਸਕੇਗਾ। ਇਸ ਨਾਲ ਰੇਲਵੇ ਸਟੇਸ਼ਨਾਂ ਦੀ ਨੂਹਾਰ ਬਦਲ ਦਿੱਤੀ ਜਾਵੇਗੀ। ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਵੱਲੋਂ ਭਵਿੱਖ ਵਿੱਚ ਹੋਰਨਾਂ ਅਦਾਰਿਆਂ ਦਾ ਵੀ ਇਸੇ ਤਰਜ਼ ’ਤੇ ਵਿਕਾਸ ਕੀਤਾ ਜਾਵੇਗਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ’ਚ ਸੜਕਾਂ, ਰੇਲਾ, ਹਵਾਈ ਖੇਤਰ ਤੇ ਸਮੁੰਦਰੀ ਰਾਹ ਲਈ ਵਧੇਰੇ ਕੰਮ ਕੀਤੇ ਹਨ। ਇਨ੍ਹਾਂ ਕੰਮਾਂ ਦੇ ਚਲਦਿਆਂ ਹੀ ਹਰਿਆਣਾ ਨੂੰ 17 ਕੌਮੀ ਰਾਜਮਾਰਗ ਮਿਲੇ ਹਨ।
ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ-ਪੰਚਕੂਲਾ ਰੱਖਿਆ ਜਾਵੇ: ਗਿਆਨ ਚੰਦ ਗੁਪਤਾ
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ-ਪੰਚਕੂਲਾ ਰੇਲਵੇ ਸਟੇਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੇ ਪੰਚਕੂਲਾ ਦੋਵੇਂ ਸ਼ਹਿਰ ਟ੍ਰਾਈਸਿਟੀ ਦੇ ਅਹਿਮ ਸ਼ਹਿਰ ਹਨ, ਜਿਸ ਕਾਰਨ ਰੇਲਵੇ ਸਟੇਸ਼ਨ ਦਾ ਨਾਮ ਬਦਲ ਦੇਣਾ ਚਾਹੀਦਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀਲਈ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਕੋਈ ਨਵਾਂ ਨਹੀਂ ਹੈ, ਉਹ ਜਦੋਂ ਵੀ ਪੰਚਕੂਲਾ ਆਉਂਦੇ ਸਨ ਤਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਰਾਹੀ ਹੀ ਆਉਂਦੇ ਸਨ। ਵਿਧਾਨ ਸਭਾ ਸਪੀਕਰ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਸਬੰਧੀ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਹਰਿਆਣਾ ਦੇ 15 ਰੇਲਵੇ ਸਟੇਸ਼ਨਾਂ ’ਤੇ ਹੋਣਗੇ 608 ਕਰੋੜ ਖਰਚ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 25 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਦੀ ਸ਼ੁਰੂਆਤ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਗਈ ਅਤੇ ਯੋਜਨਾ ਵਿਚ ਸ਼ਾਮਲ ਹਰੇਕ ਸਟੇਸ਼ਨ ’ਤੇ ਪ੍ਰੋਗਰਾਮ ਕਰਵਾਇਆ ਗਿਆ। ਅੰਬਾਲਾ ਸ਼ਹਿਰ ਰੇਲਵੇ ਸਟੇਸ਼ਨ ’ਤੇ ਕਰਵਾਏ ਪ੍ਰੋਗਰਾਮ ਵਿਚ ਰਾਜ ਸਭਾ ਮੈਂਬਰ ਕਾਰਤੀਕੇ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਥਾਨਕ ਵਿਧਾਇਕ ਅਸੀਮ ਗੋਇਲ ਵੀ ਮੌਜੂਦ ਰਹੇ। ਅੰਬਾਲਾ ਡਿਵੀਜਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਜਿੱਥੇ ਇਸ ਯੋਜਨਾ ਤਹਿਤ ਅੰਬਾਲਾ ਰੇਲਵੇ ਡਿਵੀਜ਼ਨ ਦੇ 16 ਰੇਲਵੇ ਸਟੇਸ਼ਨ ਚੁਣੇ ਗਏ ਹਨ, ਉੱਥੇ ਹਰਿਆਣਾ ਦੇ 15 ਰੇਲਵੇ ਸਟੇਸ਼ਨਾਂ ਦਾ 608 ਕਰੋੜ ਰੁਪਏ ਦੀ ਲਾਗਤ ਨਾਲ ਕਾਇਆਕਲਪ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਅੰਬਾਲਾ ਸ਼ਹਿਰ, ਭਿਵਾਨੀ ਜੰ, ਫ਼ਰੀਦਾਬਾਦ, ਹਿਸਾਰ ਜੰ, ਜੀਂਦ ਜੰ, ਕਾਲਕਾ, ਬਹਾਦਰਗੜ੍ਹ, ਨਾਰਨੌਲ, ਨਰਵਾਣਾ ਜੰ, ਪਟੌਦੀ ਰੋਡ, ਰਿਵਾੜੀ ਜੰ, ਰੋਹਤਕ ਜੰ, ਸਿਰਸਾ, ਸੋਨੀਪਤ ਜੰ ਅਤੇ ਯਮੁਨਾ ਨਗਰ-ਜਗਾਧਰੀ ਰੇਲਵੇ ਸਟੇਸ਼ਨ ਸ਼ਾਮਲ ਹਨ।