ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਲਿਜਾਣ ਲਈ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਵਿੱਚ ਜਿਮਨੇਜ਼ੀਅਮ ਹਾਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਵਿਸ਼ਵ ਭਰ ਵਿੱਚ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਇਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਦੀਵਾਰ ’ਤੇ ਲਗਾਈ ਜਾਣਗੀਆਂ। ਜੋ ਕਿ ਨਵੇਂ ਖਿਡਾਰੀਆਂ ਨੂੰ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਉਤਸ਼ਾਹਿਤ ਕਰਨਗੀਆਂ।
ਸਲਾਹਕਾਰ ਧਰਮਪਾਲ ਨੇ ਸੈਕਟਰ-42 ਦੇ ਸਪੋਰਟਸ ਕੰਪਲੈਕਸ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਪੂਰੇ ਭਾਰਤ ਲਈ ਖੇਡਾਂ ਦਾ ਕੇਂਦਰ ਬਣਾਇਆ ਜਾਵੇਗਾ। ਇਸ ਲਈ ਖੇਡਾਂ ਦੇ ਖੇਤਰ ਵਿੱਚ ਲੋੜੀਂਦੇ ਪ੍ਰਬੰਧੀ ਮੁਕੰਮਲ ਕੀਤੇ ਜਾਣ। ਸਲਾਹਕਾਰ ਨੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਮੇਂ ਸਿਰ ਸਕਾਲਰਸ਼ਿਪ ਦੇਣ ਦੇ ਵੀ ਆਦੇਸ਼ ਦਿੱਤੇ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਵੱਡੀ ਗਿਣਤੀ ਵਿੱਚ ਅਧਿਕਾਰੀ ਵੀ ਮੌਜੂਦ ਰਹੇ।