ਸਰਬਜੀਤ ਸਿੰਘ ਭੱਟੀ
ਲਾਲੜੂ, 29 ਦਸੰਬਰ
ਚੰਡੀਗੜ੍ਹ ਤੋਂ ਖੇਲਣ ਵਾਇਆ ਲਾਲੜੂ ਪੀਆਰਟੀਸੀ ਬੱਸ ਸ਼ੁਰੂ ਕੀਤੀ ਗਈ ਹੈ। ਇਲਾਕੇ ਦੇ ਲੋਕ ਚਿਰਾਂ ਤੋਂ ਇਸ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਅੱਜ ਉਨ੍ਹਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਪੰਜਾਬ ਐਗਰੋ ਇੰਡਸਟਰੀ ਦੇ ਉਪ ਚੇਅਰਮੈਨ ਤੇ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਨੀ ਸੰਧੂ ਨੇ ਦੱਸਿਆ ਕਿ ਲੋਕਾਂ ਨੂੰ ਚੰਡੀਗੜ੍ਹ, ਲਾਲੜੂ ਅਤੇ ਡੇਰਾਬਸੀ ਜਾਣ ਲਈ ਕਈ ਬੱਸਾਂ ਬਦਲ ਕੇ ਅੰਬਾਲਾ ਛਾਉਣੀ ਹੋ ਕੇ ਜਾਣਾ ਪੈਂਦਾ ਸੀ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਪੀਆਰਟੀਸੀ ਦੀ ਬੱਸ ਜੋ ਸੀਮਾ ਤੇ ਪੈਂਦੇ ਪੰਜਾਬ ਦੇ ਆਖ਼ਰੀ ਪਿੰਡ ਖੇਲਣ ਤੋਂ ਚੱਲ ਕੇ ਲਾਲੜੂ, ਡੇਰਾਬਸੀ, ਜ਼ੀਰਕਪੁਰ ਹੁੰਦੀ ਹੋਈ ਚੰਡੀਗੜ੍ਹ ਪੁੱਜੇਗੀ। ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਘੱਟ ਜਾਵੇਗੀ। ਸ੍ਰੀ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਆਲੇ ਪਿੰਡਾਂ ਦੇ ਲੋਕਾਂ ਨੇ ਸ੍ਰੀ ਸੰਧੂ ਦਾ ਧੰਨਵਾਦ ਕੀਤਾ।