ਮੁਕੇਸ਼ ਕੁਮਾਰ
ਚੰਡੀਗੜ੍ਹ, 18 ਅਪਰੈਲ
ਕੌਮੀ ਪੱਧਰ ’ਤੇ ਕਰਵਾਏ ਗਏ ਮੁਕਾਬਲਿਆਂ ਵਿੱਚ ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਸਰਬੋਤਮ ਯੂਟੀ ‘ਸਮਾਰਟ ਸਿਟੀ ਐਵਾਰਡ-2020’ ਨਾਲ ਨਿਵਾਜਿਆ ਗਿਆ ਹੈ। ਸੂਰਤ ਸ਼ਹਿਰ ਵਿੱਚ ਕਰਵਾਏ ਸਮਾਗਮ ਦੌਰਾਨ ਇਹ ਐਵਾਰਡ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਿਟਡ ਦੀ ਸੀਈਓ ਅਨਿੰਦਿਤਾ ਮਿਤਰਾ ਅਤੇ ਚੀਫ ਇੰਜਨੀਅਰ ਐੱਨਪੀ ਸ਼ਰਮਾ ਨੂੰ ਅੱਜ ਇਹ ਐਵਾਰਡ ਸੌਂਪਿਆ। ਜ਼ਿਕਰਯੋਗ ਹੈ ਕਿ ‘ਇੰਡੀਆ ਸਮਾਰਟ ਸਿਟੀਜ਼ ਐਵਾਰਡ ਮੁਕਾਬਲਾ (ਆਈਐੱਸਏਸੀ) 2020’ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸਮਾਰਟ ਸਿਟੀਜ਼ ਮਿਸ਼ਨ ਅਧੀਨ 25 ਅਗਸਤ 2020 ਤੋਂ 24 ਫਰਵਰੀ 2021 ਦਰਮਿਆਨ ਕਰਵਾਇਆ ਗਿਆ ਸੀ। ਚੰਡੀਗੜ੍ਹ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਅਤੇ ਸੱਭਿਆਚਾਰ ਸ਼੍ਰੇਣੀ ਵਿੱਚ ਕੈਪੀਟਲ ਕੰਪਲੈਕਸ ਪ੍ਰਾਜੈਕਟ ਨੇ ਪੁਰਸਕਾਰ ਜਿੱਤਿਆ ਹੈ। ਕੈਪੀਟਲ ਕੰਪਲੈਕਸ ਪ੍ਰਾਜੈਕਟ ਯੂਨੈਸਕੋ ਵੱਲੋਂ ਐਲਾਨਿਆ ਵਿਰਾਸਤੀ ਸਥਾਨ ਹੈ। ਇਹ ਕੰਪਲੈਕਸ 100 ਏਕੜ ਵਿੱਚ ਫੈਲਿਆ ਹੋਇਆ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਨੂੰ ਇੰਡੀਆ ਸਾਈਕਲਜ਼ ਫਾਰ ਚੇਂਜ ਚੈਲੇਂਜ, ਕਲਾਈਮੇਟ ਸਮਾਰਟ ਸਿਟੀਜ਼ ਚੈਲੇਂਜ, ਸਟ੍ਰੀਟਸ ਫਾਰ ਪੀਪਲ ਚੈਲੇਂਜ ਅਤੇ ਡੇਟਾਸਮਾਰਟ ਸਿਟੀਜ਼ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ’ਤੇ ਸਰਬੋਤਮ ਯੂਟੀ ਐਵਾਰਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਕਰਵਾਏ ਗਏ ਸਮਾਗਮਾਂ ਨੂੰ ਲੈ ਕੇ ਚੰਡੀਗੜ੍ਹ ਸ਼ਹਿਰ ਨੂੰ ‘ਫਰੀਡਮ ਟੂ ਵਾਕ’ ਅਤੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਪ੍ਰੋਗਰਾਮਾਂ ਤਹਿਤ ਵਧੀਆ ਪ੍ਰਦਰਸ਼ਨ ਲਈ ‘ਸੁਪਰ-ਹੀਰੋ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਰੁਪੇਸ਼ ਕੁਮਾਰ ਨੂੰ ਦਿੱਤਾ।
ਚੰਡੀਗੜ੍ਹ ਵਾਸੀਆਂ ਨੂੰ ਮਾਸਕ ਪਹਿਨਣ ਦੀਆਂ ਹਦਾਇਤਾਂ ਜਾਰੀ
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਪ੍ਰਸ਼ਾਸਨ ਨੇ ਵਧਦੇ ਹੋਏ ਕਰੋਨਾ ਕੇਸਾਂ ਦੇ ਮੱਦੇਨਜ਼ਰ ਅੱਜ ਐਡਵਾਈਜ਼ਰੀ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਲਈ ਫੇਸ ਮਾਸਕ ਪਹਿਨਣੇ ਮੁੜ ਲਾਜ਼ਮੀ ਕਰ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਭੀੜ ਵਾਲੀਆਂ ਥਾਵਾਂ ਉੱਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਪਬਲਿਕ ਟਰਾਂਸਪੋਰਟ (ਬੱਸਾਂ, ਰੇਲ ਗੱਡੀਆਂ ਅਤੇ ਟੈਕਸੀਆਂ) ਵਿੱਚ ਸਫ਼ਰ ਦੌਰਾਨ, ਸਿਨੇਮਾਘਰਾਂ, ਸ਼ਾਪਿੰਗ ਮਾਲਜ਼ ਅਤੇ ਡਿਪਾਰਟਮੈਂਟਲ ਸਟੋਰਾਂ, ਜਮਾਤਾਂ, ਦਫ਼ਤਰੀ ਕਮਰਿਆਂ ਅਤੇ ਇੰਨਡੋਰ ਇਕੱਠਾਂ ਵਿੱਚ ਵੀ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।