ਮੁੰਬਈ, 1 ਅਕਤੂਬਰ
ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਨੇ ਬੀਤੀ ਰਾਤ ‘ਲਿਵਾ ਮਿਸ ਦੀਵਾ ਯੂਨੀਵਰਸ 2021’ ਦਾ ਖਿਤਾਬ ਜਿੱਤਿਆ ਹੈ। ਉਹ ਹੁਣ ਦਸੰਬਰ ਮਹੀਨੇ ਇਜ਼ਰਾਈਲ ਵਿੱਚ ਹੋਣ ਵਾਲੇ ‘ਮਿਸ ਯੂਨੀਵਰਸ 2021’ ਸੁੰਦਰਤਾ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਪੁਣੇ ਦੀ ਰਹਿਣ ਵਾਲੀ ਰਿਤਿਕਾ ਖਤਾਨੀ ਨੇ ‘ਲਿਵਾ ਮਿਸ ਦੀਵਾ ਸੁਪਰਨੈਸ਼ਨਲ 2021’ ਦਾ ਖਿਤਾਬ ਜਿੱਤਿਆ ਹੈ, ਜੋ ‘ਇੰਟਰਨੈਸ਼ਨਲ ਮਿਸ ਸੁਪਰਨੈਸ਼ਨਲ 2021’ ਮੁਕਾਬਲੇ ਵਿੱਚ ਭਾਰਤ ਦਾ ਚਿਹਰਾ ਹੋਵੇਗੀ। ਇਸੇ ਤਰ੍ਹਾਂ ਜੈਪੁਰ ਦੀ ਸੋਨਲ ਕੁਕਰੇਜਾ ਪਹਿਲੀ ਰਨਰਅੱਪ ਰਹੀ ਹੈ। ਜੇਤੂਆਂ ਦੀ ਚੋਣ ਲੰਘੀ ਦੇਰ ਰਾਤ ਅਦਾਕਾਰਾ ਕ੍ਰਿਤੀ ਸੈਨਨ, ਗਾਇਕਾ ਕਨਿਕਾ ਕਪੂਰ, ਬਿਲੀਅਰਡਜ਼ ਅਤੇ ਸਨੂਕਰ ਖਿਡਾਰੀ ਪੰਕਜ ਅਡਵਾਨੀ, ਅਦਾਕਾਰ ਤੇ ਮਾਡਲ ਅੰਗਦ ਬੇਦੀ, ਫੈਸ਼ਨ ਡਿਜ਼ਾਈਨਰ ਸ਼ਿਵਨ ਅਤੇ ਨਰੇਸ਼ ਸਮੇਤ ਫਿਲਮਸਾਜ਼ ਅਵਨੀ ਅਈਅਰ ਤਿਵਾੜੀ ਨੇ ਕੀਤੀ। ਫਾਈਨਲ ਵਿੱਚ ਅਦਾਕਾਰਾ ਮਲਾਇਕਾ ਅਰੋੜਾ ਅਤੇ ਗਾਇਕ ਸੁਕ੍ਰਿਤੀ ਤੇ ਪ੍ਰਕ੍ਰਿਤੀ ਕੱਕੜ ਨੇ ਆਪੋ-ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਕਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਇਹ ਸੁੰਦਰਤਾ ਮੁਕਾਬਲਾ ਆਨਲਾਈਨ ਕਰਵਾਇਆ ਗਿਆ। ਐੱਮਟੀਵੀ ਚੈਨਲ ’ਤੇ 16 ਅਕਤੂਬਰ ਨੂੰ ਇਸ ਦੇ ਫਾਈਨਲ ਦਾ ਪ੍ਰਸਾਰਨ ਹੋਵੇਗਾ। -ਪੀਟੀਆਈ