ਆਤਿਸ਼ ਗੁਪਤਾ
ਚੰਡੀਗੜ੍ਹ, 2 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੋਕਾਂ ਨੇ ਦੀਵਾਲੀ ਤੋਂ ਅਗਲੇ ਦਿਨ ਪ੍ਰਸ਼ਾਸਨਿਕ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਦੇਰ ਰਾਤ ਤੱਕ ਪਟਾਕੇ ਚਲਾਏ। ਪਟਾਕੇ ਚੱਲਣ ਕਰਕੇ ਪ੍ਰਦੂਸ਼ਣ ਵੀ ਖਾਸਾ ਵਾਧਾ ਹੋਇਆ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਪਟਾਕੇ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਰਹੇ ਹਨ, ਜਿਨ੍ਹਾਂ ਨੇ ਸਿਰਫ਼ ਤਿੰਨ ਪੁਲੀਸ ਕੇਸ ਹੀ ਦਰਜ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਸਿਰਫ਼ ਦੀਵਾਲੀ ਵਾਲੀ ਰਾਤ 31 ਅਕਤੂਬਰ ਨੂੰ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਹ ਪ੍ਰਵਾਨਗੀ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਦਿੱਤੀ ਗਈ ਸੀ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਸਿਰਫ਼ ਗ੍ਰੀਨ ਪਟਾਕੇ ਚਲਾਉਣ ਅਤੇ ਲੜੀ ਵਾਲੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਗਈ ਸੀ ਪਰ ਦੀਵਾਲੀ ਵਾਲੀ ਰਾਤ ਨੂੰ ਵੀ ਦੇਰ ਰਾਤ ਤੱਕ ਸ਼ਹਿਰ ਵਿੱਚ ਪਟਾਕੇ ਚੱਲਦੇ ਰਹੇ। ਇਸ ਤੋਂ ਬਾਅਦ ਦੀਵਾਲੀ ਤੋਂ ਅਗਲੇ ਦਿਨ 1 ਨਵੰਬਰ ਨੂੰ ਵੀ ਸ਼ਹਿਰ ਵਿੱਚ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ ਹਨ। ਇਸ ਦੌਰਾਨ ਚੰਡੀਗੜ੍ਹੀਆਂ ਨੇ ਧਮਾਕੇ ਵਾਲੇ ਪਟਾਕਿਆਂ ਦੇ ਨਾਲ-ਨਾਲ ਲੜੀ ਵਾਲੇ ਪਟਾਕੇ ਵੀ ਚਲਾਏ ਸਨ।
ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਪਟਾਕੇ ਚਲਾ ਕੇ ਪ੍ਰਸ਼ਾਸਨਿਕ ਨਿਯਮਾਂ ਦੀ ਧੱਜੀਆਂ ਉਡਾਉਣ ਸਬੰਧੀ ਸਿਰਫ਼ ਤਿੰਨ ਪੁਲੀਸ ਕੇਸ ਦਰਜ ਕੀਤੇ ਹਨ। ਇਹ ਵੀ ਅਣਪਛਾਤੇ ਵਿਅਕਤੀਆਂ ਵਿਰੁੱਧ ਹੀ ਦਰਜ ਕੀਤੇ ਗਏ ਹਨ। ਇਹ ਕੇਸ ਥਾਣਾ ਸੈਕਟਰ-3, 11 ਤੇ 17 ਦੀ ਪੁਲੀਸ ਵੱਲੋਂ ਦਰਜ ਕੀਤੇ ਗਏ ਹਨ। ਥਾਣਾ ਸੈਕਟਰ-3 ਦੀ ਪੁਲੀਸ ਨੇ ਸੈਕਟਰ-9 ਵਿੱਚ ਪਟਾਕੇ ਚਲਾਉਣ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।ਇਸੇ ਤਰ੍ਹਾਂ ਥਾਣਾ ਸੈਕਟਰ-11 ਦੀ ਪੁਲੀਸ ਨੇ ਸੈਕਟਰ-24 ਦੀ ਗਣੇਸ਼ ਮਾਰਕੀਟ ਵਿੱਚ ਪਟਾਕੇ ਚਲਾਉਣ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉੱਧਰ ਸੈਕਟਰ-17 ਦੀ ਪੁਲੀਸ ਨੇ ਵੀ ਸੈਕਟਰ-22 ਦੇ ਡਿਸਪੈਂਸਰੀ ਚੌਕ ਵਿੱਚ ਪਟਾਕੇ ਚਲਾਉਣ ਸਬੰਧੀ ਦੋ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਹਾਲਾਂਕਿ ਚੰਡੀਗੜ੍ਹ ਪੁਲੀਸ ਨੇ ਉਕਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ।
ਸਿਟੀ ਬਿਊਟੀਫੁੱਲ ਦੀ ਆਬੋ-ਹਵਾ ਖਰਾਬ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ 31 ਅਕਤੂਬਰ ਤੇ 1 ਨਵੰਬਰ ਨੂੰ ਲਗਾਤਾਰ ਪਟਾਕੇ ਚੱਲਣ ਕਰਕੇ ਸ਼ਹਿਰ ਦੀ ‘ਹਵਾ’ ਦੀ ਗੁਣਵੱਤਾ ਵੀ ਖਰਾਬ ਹੋ ਗਈ ਹੈ। ਹਵਾ ’ਚ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ ਵਧੇਰੇ ਖਰਾਬ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-53 ਵਿੱਚ ਏਕਿਊਆਈ 275, ਸੈਕਟਰ-22 ਵਿੱਚ 288 ਅਤੇ ਸੈਕਟਰ-25 ਵਿੱਚ ਏਕਿਊਆਈ 275 ਦਰਜ ਕੀਤਾ ਹੈ, ਜੋ ਕਿ ਵਧੇਰੇ ਖਰਾਬ ਹਾਲਤ ਵਿੱਚ ਚੱਲ ਰਿਹਾ ਹੈ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਪਹਿਲਾਂ ਟਰੈਫ਼ਿਕ ਜਾਮ ਕਰਕੇ ਹਵਾ ਪ੍ਰਦੂਸ਼ਣ ਵਧਿਆ ਹੋਇਆ ਸੀ, ਹੁਣ ਦੀਵਾਲੀ ’ਤੇ ਪਟਾਕੇ ਚੱਲਣ ਕਰਕੇ ਹੋਰ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਮੀਂਹ ਪੈਣ ਤੋਂ ਬਾਅਦ ਹੀ ਹਵਾ ਵਿੱਚ ਸੁਧਾਰ ਹੋਵੇਗਾ।