ਆਤਿਸ਼ ਗੁਪਤਾ
ਚੰਡੀਗੜ੍ਹ, 28 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਕਿ ਲੋਕਾਂ ਨੇ ਕੇਂਦਰ ਵਿੱਚ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ (ਆਪ) ’ਤੇ ਭਰੋਸਾ ਜਤਾਇਆ ਹੈ। ਇਸੇ ਦੇ ਚਲਦਿਆਂ ਹੀ ਪਹਿਲੀ ਵਾਰ ਨਿਗਮ ਚੋਣਾਂ ਵਿੱਚ ਹਿੱਸਾ ਲੈਣ ਵਾਲੀ ‘ਆਪ’ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਜਿਸ ਨੇ 35 ਵਿੱਚੋਂ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ’ਤੇ ਜਿੱਤ ਹਾਸਿਲ ਕੀਤੀ ਹੈ। ਦੂਜੇ ਪਾਸੇ ਚੰਡੀਗੜ੍ਹੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ ਸਥਾਨਕ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ।
ਨਿਗਮ ਚੋਣਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀਆਂ ਭਾਜਪਾ, ਕਾਂਗਰਸ ਅਤੇ ‘ਆਪ’ ਵੱਲੋਂ ਢਾਈ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਪੈਰਾਸ਼ੂਟ ਰਾਹੀਂ ਦੂਜੇ ਵਾਰਡਾਂ ਵਿੱਚ ਉਤਾਰਿਆ ਗਿਆ ਸੀ ਜਿਸ ਵਿੱਚੋਂ ਦੋ ਦਰਜਨ ਤੋਂ ਵੱਧ ਉਮੀਦਵਾਰ ਹਾਰ ਗਏ ਹਨ। ਇਸ ਵਿੱਚ ਭਾਜਪਾ ਦੇ ਮੇਅਰ, ਕਾਂਗਰਸ ਪ੍ਰਧਾਨ ਦਾ ਪੁੱਤ ਅਤੇ ਹੋਰ ਵੀ ਕਈ ਵੱਡੇ ਚਿਹਰੇ ਸ਼ਾਮਲ ਹਨ।
ਲੋਕਾਂ ਦਾ ਕਹਿਣਾ ਹੈ ਕਿ ਬਾਹਰੀ ਉਮੀਦਵਾਰ ਜਿੱਤ ਕੇ ਚੱਲੇ ਜਾਂਦੇ ਹਨ ਜਿਨ੍ਹਾਂ ਨੂੰ ਕੰਮ ਕਰਵਾਉਣ ਲਈ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸਥਾਨਕ ਉਮੀਦਵਾਰ ਨੂੰ ਲੋੜ ਪੈਣ ’ਤੇ ਘੇਰਨਾ ਸੌਖਾ ਰਹਿੰਦਾ ਹੈ।
ਨਗਰ ਨਿਗਮ ਚੋਣਾਂ ਵਿੱਚ ਪਿਛਲੇ 6 ਸਾਲਾਂ ਤੋਂ ਕਾਬਜ਼ ਭਾਜਪਾ ਨੇ ਸਭ ਤੋਂ ਵੱਧ ਉਮੀਦਵਾਰਾਂ ਨੂੰ ਪੈਰਾਸ਼ੂਟ ਰਾਹੀਂ ਦੂਜੇ ਵਾਰਡਾਂ ਵਿੱਚ ਉਤਾਰਿਆ ਸੀ। ਇਸ ਤੋਂ ਬਾਅਦ ਕਾਂਗਰਸ ਅਤੇ ‘ਆਪ’ ਟਿਕਟਾਂ ਦੀ ਵੰਡ ਵਿੱਚ ਸਫ਼ਲ ਰਹਿ ਸਕੀ ਹੈ। ਉੱਧਰ ਲੋਕਾਂ ਨੇ ਬਾਹਰੀ ਉਮੀਦਵਾਰਾਂ ’ਤੇ ਬੋਭਰੋਸਗੀ ਜਤਾਈ ਹੈ।
ਦੂਜੇ ਸੈਕਟਰਾਂ ਤੋਂ ਜਿੱਤ ਹਾਸਲ ਕਰਨ ਵਾਲਿਆਂ ਵਿੱਚ ਵਾਰਡ ਨੰਬਰ-11 ਤੋਂ ਭਾਜਪਾ ਉਮੀਦਵਾਰ ਅਨੂਪ ਗੁਪਤਾ ਦਾ ਨਾਮ ਸ਼ਾਮਲ ਹੈ ਜੋ ਸੈਕਟਰ-28 ਵਿੱਚ ਰਹਿੰਦੇ ਹਨ ਅਤੇ ਸੈਕਟਰ-18, 19 ਅਤੇ 21 ਨਾਲ ਸਬੰਧਿਤ ਵਾਰਡ ਵਿੱਚੋਂ ਬਹੁਤ ਘੱਟ ਵੋਟਾਂ ਨਾਲ ਜਿੱਤੇ ਹਨ ਜਦੋਂ ਕਿ ਬਾਹਰੀ ਉਮੀਦਵਾਰਾਂ ਦੇ ਹਾਰਨ ਦੀ ਸੂਚੀ ਬਹੁਤ ਲੰਬੀ ਹੈ।