ਮੁਕੇਸ਼ ਕੁਮਾਰ
ਚੰਡੀਗੜ੍ਹ, 28 ਦਸੰਬਰ
ਚੰਡੀਗੜ੍ਹ ਕਾਂਗਰਸ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ‘ਆਪ’ ਤੇ ਭਾਜਪਾ ’ਤੇ ਮਹਿੰਗੇ ਚੋਣ ਪ੍ਰਚਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਕਾਂਗਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਵੱਡੇ ਆਗੂ ਮੇਅਰ ਦੀ ਚੋਣ ਜਿੱਤਣ ਲਈ ‘ਚੁਣੇ ਹੋਏ ਕੌਂਸਲਰਾਂ ਨੂੰ ਖਰੀਦਣ ਲਈ ਪੈਸਿਆਂ ਦੀਆਂ ਬੋਰੀਆਂ ਲੈ ਕੇ ਸ਼ਹਿਰ ਵਿੱਚ ਆ ਗਏ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ‘ਆਪ’ ਦੋਵੇਂ ਹੀ ਖਰੀਦੋ-ਫਰੋਖਤ ਵਿੱਚ ਲੱਗੀਆਂ ਹਨ ਅਤੇ ਅਜਿਹੀਆਂ ਭ੍ਰਿਸ਼ਟ ਪ੍ਰਥਾਵਾਂ ਨੂੰ ਸ਼ੁਰੂ ਕਰ ਰਹੀਆਂ ਹਨ ਜਿਹੜੀਆਂ ਹੁਣ ਤੱਕ ਸ਼ਹਿਰ ਵਿਚ ਕਦੇ ਹੋਈਆਂ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀਆਂ ਨੇ ਨਿਗਮ ਚੋਣਾਂ ਵਿੱਚ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਵਹਾ ਦਿੱਤੇ ਹਨ। ਉਨ੍ਹਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ‘ਸਭ ਤੋਂ ਜ਼ਿਆਦਾ ਭ੍ਰਿਸ਼ਟ ਸਿਆਸਤਦਾਨ’ ਕਰਾਰ ਦਿੱਤਾ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਦਾਅਵੇ ਕੀਤੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਅਤੇ ਭਾਜਪਾ ਦੋਵੇਂ ਨਵੇਂ ਚੁਣੇ ਗਏ ਕਾਂਗਰਸੀ ਕੌਂਸਲਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ‘ਭ੍ਰਿਸ਼ਟ ਦਲਾਂ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਿਰਫ ਅੱਠ ਸੀਟਾਂ ਮਿਲੀਆਂ, ਪਾਰਟੀ ਨੂੰ ਸਾਰੇ ਨਵੇਂ ਚੋਣ ਖੇਤਰਾਂ ਵਿੱਚ ਸਾਂਝੇ ਰੂਪ ਨਾਲ ਸਭ ਤੋਂ ਵੱਧ ਵੋਟਾਂ ਪਈਆਂ ਹਨ। ਇਸ ਲਈ ਚੰਡੀਗੜ੍ਹ ਦੇ ਲੋਕਾਂ ਦਾ ਜਨਾਦੇਸ਼ ਕਾਂਗਰਸ ਦੇ ਕੋਲ ਹੈ।
ਸੁਭਾਸ਼ ਚਾਵਲਾ ਨੇ ਕਿਹਾ ਕਿ ਕਾਂਗਰਸ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੇ ਅਹੁਦਿਆਂ ’ਤੇ ਚੋਣ ਲੜੇਗੀ। ਉਨ੍ਹਾਂ ਨੇ ਹੋਰ ਪਾਰਟੀਆਂ ਵਿੱਚੋਂ ਚੁਣੇ ਗਏ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅੰਤਰਆਤਮਾ ਦੀ ਅਵਾਜ਼ ਸੁਣਨ ਅਤੇ ਚੰਡੀਗੜ੍ਹ ਦੇ ਵੋਟਰਾਂ ਦੇ ਜਨਾਦੇਸ਼ ਨੂੰ ਦੇਖਦੇ ਹੋਏ ਕਾਂਗਰਸੀ ਮੇਅਰ ਉਮੀਦਵਾਰ ਨੂੰ ਵੋਟ ਪਾਉਣ।