ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਜਨਵਰੀ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਇੱਥੇ ਦਫ਼ਤਰ ਦੇ ਭਵਨ ਵਿੱਚ ਰਿਹਾਇਸ਼ੀ ਇਕਾਈਆਂ ਦੀ ਅਲਾਟਮੈਂਟ ਲਈ ਕੰਪਿਊਟਰਾਈਜ਼ਡ ਡਰਾਅ ਕੱਢੇ ਗਏ। ਇਸ ਮੌਕੇ ਕਲੋਨੀ ਨੰਬਰ 4 ਦੇ 21 ਵਸਨੀਕਾਂ ਨੂੰ ‘ਸਮਾਲ ਫਲੈਟ ਸਕੀਮ’ ਅਧੀਨ ਫਲੈਟ ਅਲਾਟ ਕਰਨ ਲਈ ਮਿਲਖ ਵਿਭਾਗ ਵੱਲੋਂ ਯੋਗ ਐਲਾਨਿਆ ਗਿਆ। ਉਨ੍ਹਾਂ ਨੂੰ ਹਾਊਸਿੰਗ ਕੰਪਲੈਕਸ ਮਲੋਆ ਵਿੱਚ ਅਲਾਟਮੈਂਟ ਲਈ ਵਿਚਾਰਿਆ ਗਿਆ। ਇਸ ਤੋਂ ਇਲਾਵਾ 5 ਹੋਰ ਕਲੋਨੀਆਂ ਦੇ ਵਸਨੀਕਾਂ ਨੂੰ ਮਿਲਖ ਵਿਭਾਗ ਵੱਲੋਂ ਸਮਾਲ ਫਲੈਟ ਸਕੀਮ ਅਧੀਨ ਫਲੈਟ ਅਲਾਟ ਕਰਨ ਲਈ ਯੋਗ ਮੰਨਿਆ ਗਿਆ ਅਤੇ ਇਨ੍ਹਾਂ ਨੂੰ ਹਾਊਸਿੰਗ ਕੰਪਲੈਕਸ ਮੌਲੀ ਜੱਗਰਾਂ ਅਤੇ ਧਨਾਸ ਵਿੱਚ ਫਲੈਟ ਅਲਾਟ ਕਰਨ ਲਈ ਵਿਚਾਰ ਕੀਤਾ ਗਿਆ। ਇਸ ਮੌਕੇ 1 ਬਿਨੈਕਾਰ ਨੂੰ ਓਸਟੀ ਸਕੀਮ ਅਧੀਨ ਯੋਗ ਮੰਨਿਆ ਗਿਆ ਅਤੇ ਉਸ ਨੂੰ ਇੱਥੋਂ ਦੇ ਸੈਕਟਰ 49 ਵਿੱਚ ਈਡਬਲਿਊਐੱਸ ਫਲੈਟ ਅਲਾਟ ਕਰਨ ਲਈ ਵਿਚਾਰ ਕੀਤਾ ਗਿਆ। ਡਰਾਅ ਤੋਂ ਤੁਰੰਤ ਬਾਅਦ ਨਤੀਜੇ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅਧਿਕਾਰਤ ਵੈੱਬਸਾਈਟ www.chbonline.in ‘ਤੇ ਅਪਲੋਡ ਕਰ ਦਿੱਤੇ ਗਏ ਹਨ। ਇਨ੍ਹਾਂ ਵਿਅਕਤੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਲੋੜੀਂਦੀ ਕਾਰਵਾਈ ਪੂਰੀ ਕਰਨ ਉਪਰੰਤ ਫਲੈਟਾਂ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ।