ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜਨਵਰੀ
ਇੱਥੋਂ ਨਜ਼ਦੀਕੀ ਪਿੰਡ ਲਖਨੌਰ ਸਥਿਤ ਸ਼ਾਮਾਂ ਢਾਬੇ ਦੇ ਤੰਦੂਰੀਏ ਵੱਲੋਂ ਕਥਿਤ ਤੌਰ ’ਤੇ ਰੋਟੀਆਂ ਨੂੰ ਥੁੱਕ ਲਗਾਉਣ ਦੀ ਵੀਡੀਓ ਦੇਖਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਸੱਚਾਈ ਜਾਣਨ ਲਈ ਉਕਤ ਦੁਕਾਨ ਵਿੱਚ ਜਾ ਕੇ ਪੜਤਾਲ ਕੀਤੀ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵੀਡੀਓ ਵਇਰਲ ਹੋਈ ਸੀ, ਜਿਸ ਵਿੱਚ ਸ਼ਾਮਾਂ ਢਾਬੇ ਦਾ ਤੰਦੂਰੀਆ ਤੰਦੂਰ ਵਿੱਚ ਰੋਟੀਆਂ ਲਗਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ ’ਤੇ ਥੁੱਕ ਸੁੱਟਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਗੰਭੀਰ ਨੋਟਿਸ ਲੈ ਕੇ ਅੱਜ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਇਸ ਟੀਮ ਨੇ ਸ਼ਾਮਾਂ ਢਾਬੇ ’ਤੇ ਪਹੁੰਚ ਕੇ ਢਾਬੇ ਦੇ ਮਾਲਕ ਅਤੇ ਉੱਥੇ ਮੌਜੂਦ ਗਾਹਕਾਂ ਨਾਲ ਸਿੱਧੀ ਗੱਲਬਾਤ ਕੀਤੀ।
ਢਾਬੇ ਦੇ ਮਾਲਕ ਨੇ ਜਾਂਚ ਟੀਮ ਨੂੰ ਦੱਸਿਆ ਕਿ ਸਬੰਧਤ ਤੰਦੂਰੀਏ ਨੂੰ ਕੋਈ ਸਰੀਰਕ ਬੀਮਾਰੀ ਹੈ, ਜਿਸ ਕਾਰਨ ਉਹ ਗਰਦਨ ਹਿਲਾਉਂਦਾ ਹੈ ਜਦੋਂ ਕਿ ਰੋਟੀਆਂ ਉੱਤੇ ਥੁੱਕ ਲਗਾਉਣ ਵਾਲੀ ਗੱਲ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਅੱਜ ਤੱਕ ਕਿਸੇ ਵੀ ਗਾਹਕ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ।
ਟੀਮ ਨੇ ਆਪਣੇ ਤੌਰ ’ਤੇ ਉੱਥੇ ਮੌਜੂਦ ਗਾਹਕਾਂ ਦਾ ਪੱਖ ਜਾਣਿਆਂ ਜਿਨ੍ਹਾਂ ਥੁੱਕ ਲਾਉਣ ਵਾਲੀ ਗੱਲ ਨੂੰ ਮੁੱਢੋਂ ਝੂਠ ਕਰਾਰ ਦਿੱਤਾ।
ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਕਤ ਤੰਦਰੂੀਆ ਮੌਕੇ ’ਤੇ ਢਾਬੇ ਵਿੱਚ ਮੌਜੂਦ ਨਹੀਂ ਸੀ ਪਰ ਢਾਬੇ ਦੇ ਮਾਲਕ ਨੇ ਪੂਰੀ ਜ਼ਿੰਮੇਵਾਰੀ ਨਾਲ ਥੁੱਕ ਲਾਉਣ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ। ਉਂਜ ਸਿਹਤ ਵਿਭਾਗ ਦੀ ਟੀਮ ਨੇ ਢਾਬੇ ਵਿੱਚ ਸਫ਼ਾਈ ਨਾ ਹੋਣ ਦਾ ਚਲਾਨ ਜ਼ਰੂਰ ਕੱਟਿਆ ਅਤੇ ਮਾਲਕ ਨੂੰ ਸਫ਼ਾਈ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਅਧਿਕਾਰੀ ਮੁਤਾਬਕ ਮਾਲਕ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਢਾਬੇ ਦੀ ਵੀਡੀਓ ਬਣਾਈ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਟੀਮ ਦੁਬਾਰਾ ਉਕਤ ਢਾਬੇ ’ਤੇ ਜਾ ਕੇ ਤੰਦੂਰੀਏ ਨਾਲ ਗੱਲਬਾਤ ਕਰੇਗੀ।