ਹਰਜੀਤ ਸਿੰਘ
ਡੇਰਾਬੱਸੀ, 11 ਨਵੰਬਰ
ਇੱਥੋਂ ਦੇ ਪਿੰਡ ਹੈਬਤਪੁਰ ਵਾਸੀਆਂ ਨੇ ਨੇੜਲੀ ਕੈਮੀਕਲ ਫੈਕਟਰੀਆਂ ’ਤੇ ਨਿਯਮਾਂ ਦੀ ਅਣਦੇਖੀ ਕਰ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਹੈ। ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਪ੍ਰਦੂਸ਼ਣ ਰੋਕੂ ਬੋਰਡ ਅਤੇ ਐੱਸ.ਡੀ.ਐੱਮ. ਨੂੰ ਦਿੰਦਿਆਂ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਦੂਸ਼ਣ ਫੈਲਾਉਣ ਵਾਲੀ ਕੰਪਨੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਪੰਚਾਇਤ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡਾਂ ਦੇ ਨੇੜੇ ਕੈਮੀਕਲ ਫੈਕਟਰੀਆਂ ਲੱਗੀਆਂ ਹੋਈਆਂ ਹਨ ਜੋ ਨਿਯਮਾਂ ਦੀ ਅਣਦੇਖੀ ਕਰ ਖੁੱਲ੍ਹੇਆਮ ਪ੍ਰਦੂਸ਼ਣ ਫੈਲਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਕੰਪਨੀਆਂ ਬਿਨਾਂ ਟ੍ਰੀਟ ਕੀਤਿਆਂ ਦੂਸ਼ਿਤ ਪਾਣੀ ਇੱਥੋਂ ਲੰਘਦੇ ਬਰਸਾਤੀ ਚੋਅ ਅਤੇ ਨਾਲੇ ਵਿੱਚ ਛੱਡ ਰਹੇ ਹਨ। ਇਸ ਕਾਰਨ ਧਰਤੀ ਦੇ ਹੇਠਲਾ ਅਤੇ ਚੋਅ ਵਿੱਚੋਂ ਵਹਿੰਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਇਨ੍ਹਾਂ ਦੀ ਚਿਮਨੀਆਂ ਵਿੱਚੋਂ ਜ਼ਹਿਰੀਲਾ ਧੂੰਆਂ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਇਨ੍ਹਾਂ ਕੰਪਨੀਆਂ ਤੋਂ ਨਿੱਤ ਦਿਹਾੜੇ ਛੱਡੀ ਜਾਣ ਵਾਲੀ ਜ਼ਹਿਰੀਲੀ ਗੈਸ ਅਤੇ ਪਾਣੀ ਕਾਰਨ ਲੋਕਾਂ ਦੀ ਫਸਲਾਂ ਖ਼ਰਾਬ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਬੰਧੀ ਹਰੇਕ ਵਾਰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀ ਸੈਂਪਲ ਲੈ ਕੇ ਅੱਗੇ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਦੂਸ਼ਿਤ ਪਾਣੀ ਪੀਣ ਲਾਇਕ ਵੀ ਨਹੀਂ ਰਿਹਾ। ਇਨ੍ਹਾਂ ਕੰਪਨੀਆਂ ਵੱਲੋਂ ਲਗਾਤਾਰ ਦੂਸ਼ਿਤ ਗੈਸ ਛੱਡੀ ਜਾਂਦੀ ਹੈ ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਛੱਡੇ ਗਏ ਦੂਸ਼ਿਤ ਪਾਣੀ ਕਾਰਨ ਫਸਲਾਂ ਵੀ ਪ੍ਰਦੂਸ਼ਿਤ ਹੋ ਰਹੀਆਂ ਹਨ ਜਿਨ੍ਹਾਂ ਨੂੰ ਖਾ ਕੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਇਲਾਕੇ ਵਿੱਚ ਲੋਕ ਕੈਂਸਰ, ਸਾਹ ਅਤੇ ਚਮੜੀ ਵਰਗੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਸ ਸਬੰਧੀ ਐੱਸ.ਡੀ.ਐੱਮ. ਕੁਲਦੀਪ ਬਾਵਾ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੀ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।