ਹਰਜੀਤ ਸਿੰਘ
ਜ਼ੀਰਕਪੁਰ, 9 ਦਸੰਬਰ
ਇਥੇ ਸਥਿਤ ਛੱਤਬੀੜ ਚਿੜੀਆਘਰ ਤਕਰੀਬਨ ਨੌਂ ਮਹੀਨਿਆਂ ਬਾਅਦ 10 ਦਸੰਬਰ ਤੋਂ ਸੈਲਾਨੀਆਂ ਲਈ ਮੁੜ ਖੁੱਲ੍ਹੇਗਾ। ਕਰੋਨਾ ਮਹਾਮਾਰੀ ਕਾਰਨ 17 ਮਾਰਚ ਨੂੰ ਚਿੜੀਆਘਰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਸੈਲਾਨੀਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।
ਗੱਲ ਕਰਨ ’ਤੇ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਐਮ ਸੁਧਾਕਰ ਨੇ ਦੱਸਿਆ ਕਿ ਸਰਕਾਰ ਦੀਆਂ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦਿਆਂ ਛੱਤਬੀੜ ਚਿੜੀਆਘਰ ਨੂੰ ਤੈਅ ਮਾਪਢੰਡਾਂ ਤਹਿਤ ਖੋਲ੍ਹਿਆ ਜਾਵੇਗਾ। ਇਹ ਚਿੜੀਆਘਰ ਸਵੇਰ ਸਾਢੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਹੀ ਖੁੱਲ੍ਹੇਗਾ। ਦਿਨ ਵਿੱਚ ਸਿਰਫ਼ 2700 ਸੈਲਾਨੀਆਂ ਨੂੰ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਜਾਏਗੀ। ਟਿਕਟ ਕਾਊਂਟਰ ਬੰਦ ਰੱਖਿਆ ਜਾਏਗਾ ਤੇ ਆਨਲਾਈਨ ਟਿਕਟ ਬੁਕਿੰਗ ਹੋਵੇਗੀ। ਚਿੜੀਆਘਰ ਵਿੱਚ ਸੈਲਾਨੀਆਂ ਲਈ ਇੰਟਰਨੈੱਟ ਦੀ ਸਹੂਲਤ ਮੁਫ਼ਤ ਰਹੇਗੀ। ਸੈਲਾਨੀਆਂ ਨੂੰ ਮਾਸਕ ਪਾਉਣ ਤੋਂ ਇਲਾਵਾ ਸਮਾਜਿਕ ਦੂਰੀ ਕਾਇਮ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਕੋਈ ਵੀ ਸੈਲਾਨੀ ਦੋ ਘੰਟਿਆਂ ਲਈ ਹੀ ਅੰਦਰ ਰੁਕ ਸਕਦਾ ਹੈ। ਬੈਟਰੀ ਵਾਲੇ ਵਾਹਨਾਂ ਦੀ ਬੁਕਿੰਗ ਵੀ ਆਨਲਾਈਨ ਹੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਾਇਨ ਸਫਾਰੀ ਅਤੇ ਰੈਪੀਟਾਈਲ ਹਾਊਸ ਨੂੰ ਹਾਲੇ ਆਰਜ਼ੀ ਤੌਰ ’ਤੇ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। 65 ਸਾਲਾਂ ਤੋਂ ਵੱਡੇ ਬਜ਼ੁਰਗਾਂ ਅਤੇ ਪੰਜ ਸਾਲਾਂ ਤੋਂ ਛੋਟੇ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਏਗਾ।