ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਮੋਰਨੀ ਦੇ ਪਿੰਡ ਮਰੋਗ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਦੀਵਾਲੀ ਮਨਾਈ। ਮੁੱਖ ਮੰਤਰੀ ਨੇ ਇਸ ਪਿੰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਿੰਡ ਨੂੰ ਉਹ ਸਹੂਲਤਾਂ ਦੇਣ ਦਾ ਐਲਾਨ ਕਰ ਸਕਦੇ ਹਨ ਪਰ ਅੱਜ ਐਲਾਨ ਇਸ ਲਈ ਨਹੀਂ ਕਰਨਗੇ ਕਿਉਂਕਿ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਪਿੰਡ ਵਿੱਚ ਕੋਈ ਵੀ ਮੁੱਖ ਮੰਤਰੀ ਨਹੀਂ ਆਇਆ ਪਰ ਉਨ੍ਹਾਂ ਨੇ ਇਸ ਪਿੰਡ ਵਿੱਚ ਆ ਕੇ ਇਹ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਮੋਰਨੀ ਨੂੰ ਉਤਮ ਸੈਰਗਾਹ ਬਣਾਉਣ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ ਮੋਰਨੀ ਦੇ ਟਿੱਕਰਤਾਲ ਵਿੱਚ ਵੀ ਕਈ ਸੁਧਾਰ ਕੀਤੇ ਜਾਣਗੇ। ਇਸ ਮੌਕੇ ’ਤੇ ਕਾਲਕਾ ਵਿਧਾਨ ਸਭਾ ਹਲਕੇ ਦੀ ਸਾਬਕਾ ਵਿਧਾਇਕ ਲਤਿਕਾ ਸ਼ਰਮਾ ਵੀ ਮੌਜੂਦ ਸੀ। -ਪੱਤਰ ਪ੍ਰੇਰਕ