ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 24 ਅਗਸਤ
ਮੁਹਾਲੀ ਨਗਰ ਨਿਗਮ ਵੱਲੋਂ 22 ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ ਨਵੀਂ ਸੀਵਰੇਜ ਲਾਈਨ ਵਿਛਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ਕਰੋਨਾ ਕਾਰਨ ਇਸ ਵੱਕਾਰੀ ਪ੍ਰਾਜੈਕਟ ਦੇ ਨਿਰਮਾਣ ਵਿੱਚ ਖੜੋਤ ਆ ਗਈ ਸੀ ਪਰ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਦੀ ਅਪੀਲ ਤੋਂ ਬਾਅਦ ਸ਼ੁਰੂ ਹੋਏ ਸੀਵਰੇਜ ਲਾਈਨ ਪਾਉਣ ਦੇ ਕੰਮ ਵਿੱਚ ਤੇਜ਼ੀ ਫੜ ਲਈ ਹੈ। ਇੱਥੋਂ ਦੇ ਸਪਾਈਸ ਚੌਕ ਤੋਂ ਫੇਜ਼-11 (ਬਾਵਾ ਵਾਈਟ ਹਾਊਸ) ਤੱਕ ਪਾਈ ਜਾਣ ਵਾਲੀ ਇਸ ਸੀਵਰੇਜ ਲਾਈਨ ਲਈ ਕੁੰਭੜਾ ਤੋਂ ਫੇਜ਼-11 ਤੱਕ ਮੁੱਖ ਸੜਕ ’ਤੇ ਆਵਾਜਾਈ ਬੰਦ ਕਰਕੇ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਹੈ। ਸੀਵਰੇਜ ਦੇ ਵੱਡੇ ਪਾਈਪ ਪਾਉਣ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਜਿਸ ਥਾਂ ’ਤੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਹਨ, ਉੱਥੇ ਮਿੱਟੀ ਪਾ ਕੇ ਖੱਡਿਆਂ ਨੂੰ ਬੰਦ ਨਾ ਕੀਤੇ ਜਾਣ ਕਾਰਨ ਪਾਈਪਲਾਈਨ ਵਾਲੀ ਥਾਂ ਨੇ ਗੰਦੇ ਨਾਲੇ ਦਾ ਰੂਪ ਧਾਰ ਲਿਆ ਹੈ। ਇੱਥੇ ਜਮ੍ਹਾਂ ਬਰਸਾਤੀ ਪਾਣੀ ਵਿੱਚ ਪਰਵਾਸੀ ਪਰਿਵਾਰਾਂ ਦੇ ਬੱਚੇ ਡੁਬਕੀਆਂ ਲਗਾ ਕੇ ਮਸਤੀ ਕਰ ਰਹੇ ਹਨ । ਅਕਾਲੀ ਦਲ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇੱਥੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਵਰੇਜ ਲਾਈਨ ਪਾਉਣ ਵਾਲੀ ਥਾਂ ’ਤੇ ਪੁੱਟੀ ਜ਼ਮੀਨ ਵਿੱਚ ਬਰਸਾਤੀ ਪਾਣੀ ਭਰ ਗਿਆ ਹੈ। ਇਸ ਕਾਰਨ ਖੁੱਡਿਆਂ ਨੂੰ ਮਿੱਟੀ ਨਾਲ ਭਰਨ ਦਾ ਕੰਮ ਫਿਲਹਾਲ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਕੱਢਣ ਤੋਂ ਬਾਅਦ ਇੱਥੇ ਮਿੱਟੀ ਪਾਈ ਜਾਵੇਗੀ। ਗੰਦੇ ਪਾਣੀ ਵਿੱਚ ਬੱਚਿਆਂ ਵੱਲੋਂ ਡੁਬਕੀਆਂ ਲਗਾਉਣ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੁੱਟੀ ਗਈ ਡੂੰਘੀ ਖਾਈ ਦੇ ਦੋਵੇਂ ਪਾਸੇ ਰੋਕ ਲਗਾ ਕੇ ਬੱਚਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ।