ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਤੇ ਸਾਫਟਵੇਅਰ ਕੰਪਨੀ ਮਾਈਕਰੋਸਾਫਟ ਮਿਲ ਕੇ ਵਿਦਿਆਰਥੀਆਂ ਨੂੰ ਕੋਡਿੰਗ ਤੇ ਡਾਟਾ ਸਾਇੰਸ ਪੜ੍ਹਾਉਣਗੇ। ਇਹ ਦੋ ਨਵੇਂ ਵਿਸ਼ੇ ਇਸੇ ਵਿਦਿਅਕ ਵਰ੍ਹੇ ਤੋਂ ਪੜ੍ਹਾਉਣ ਦੇ ਹੁਕਮ ਜਾਰੀ ਹੋ ਗਏ ਹਨ। ਇਹ ਨਵੇਂ ਵਿਸ਼ੇ ਤਕਨੀਕੀ ਪੱਖੋਂ ਵਿਦਿਆਰਥੀਆਂ ਦੀ ਸੋਚ ਵਿਚ ਬਦਲਾਅ ਲਿਆਉਣਗੇ ਤੇ ਉਨ੍ਹਾਂ ਨੂੰ ਮੁਕਾਬਲੇਬਾਜ਼ੀ ਤੇ ਮਸਲੇ ਹੱਲ ਕਰਨ ਦੀ ਮੁਹਾਰਤ ਵੀ ਦੇੇਣਗੇ। ਇਹ ਵਿਸ਼ੇ ਵਿਦਿਆਰਥੀਆਂ ਨੂੰ ਮਿਡਲ ਪੱਧਰ ਤੋਂ ਪੜ੍ਹਾਏ ਜਾਣਗੇ ਜਿਨ੍ਹਾਂ ਲਈ ਪੁਸਤਕਾਂ ਮਾਈਕਰੋਸਾਫਟ ਵੱਲੋਂ ਤਿਆਰ ਕਰਵਾਈਆਂ ਗਈਆਂ ਹਨ। ਖੇਤਰੀ ਅਧਿਕਾਰੀ ਸ਼ਿਆਮ ਕਪੂਰ ਅਨੁਸਾਰ ਇਹ ਵਿਸ਼ੇ ਨਵੀਂ ਸਿੱਖਿਆ ਨੀਤੀ ਅਨੁਸਾਰ ਤਿਆਰ ਕੀਤੇ ਗਏ ਹਨ। ਡਾਟਾ ਸਾਇੰਸ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਨੇ ਵੱਖ-ਵੱਖ ਪ੍ਰਾਜੈਕਟਾਂ ਦੇ ਅੰਕੜੇ ਕਿਥੋਂ ਇਕੱਠੇ ਕਰਨੇ ਹਨ ਤੇ ਇਨ੍ਹਾਂ ਦਾ ਮੁਲਾਂਕਣ ਕਰ ਕੇ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਾ ਹੈ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਇਨ੍ਹਾਂ ਅੰਕੜਿਆਂ ਜ਼ਰੀਏ ਕਿਵੇਂ ਫੈਸਲੇ ਲੈਣੇ ਹਨ। ਇਨ੍ਹਾਂ ਵਿਸ਼ਿਆਂ ਦੀਆਂ ਪੁਸਤਕਾਂ ਵਿਚ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੇ ਰੂਬਰੂ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਮੁਤਾਬਕ ਹੱਲ ਕਰਨ ਦੀ ਤਰੀਕੇ ਵੀ ਦੱਸੇ ਗਏ ਹਨ। ਇਨ੍ਹਾਂ ਵਿਸ਼ਿਆਂ ਜ਼ਰੀਏ ਵਿਦਿਆਰਥੀਆਂ ਨੂੰ ਮਾਈਕਰੋਸਾਫਟ ਮੇਕਕੋਡ ਵੀ ਸਿਖਾਇਆ ਜਾਵੇਗਾ ਜਿਸ ਤੋਂ ਬਾਅਦ ਵਿਦਿਆਰਥੀ ਸੌਖੇ ਤਰੀਕੇ ਨਾਲ ਗਣਿਤ ਦੀਆਂ ਉਲਝਣਾਂ ਨੂੰ ਹੱਲ ਕਰ ਸਕਣਗੇ। ਇਸ ਤੋਂ ਇਲਾਵਾ ਸੋਸ਼ਲ ਸਾਇੰਸ ਤੇ ਹੋਰ ਵਿਸ਼ਿਆਂ ਨੂੰ ਵੀ ਪੜ੍ਹਾਇਆ ਜਾਵੇਗਾ। ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੌਰਾਨ ਉਹ ਕੁਝ ਸਿਖਾਇਆ ਜਾਵੇਗਾ ਜੋ ਵਿਦਿਆਰਥੀ ਯੂਨੀਵਰਸਿਟੀ ਪੱਧਰ ’ਤੇ ਜਾ ਕੇ ਸਿੱਖਦੇ ਹਨ।
ਸੈਕੰਡਰੀ ਜਮਾਤਾਂ ਵਿਚ ਫੇਲ੍ਹ ਹੋਣ ’ਤੇ ਸਕਿੱਲ ਵਿਸ਼ੇ ਦੇ ਅੰਕ ਜੁੜਨਗੇ
ਸੀਬੀਐੱਸਈ ਨੇ ਦੱਸਿਆ ਕਿ ਸੈਕੰਡਰੀ ਜਮਾਤਾਂ ਵਿਚ ਮੁੱਖ ਵਿਸ਼ੇ ਅੰਗਰੇਜ਼ੀ ਤੇ ਹਿੰਦੀ ਨੂੰ ਛੱਡ ਕੇ ਤਿੰਨ ਇਲੈਕਟਿਵ ਵਿਸ਼ੇ ਵਿਗਿਆਨ, ਗਣਿਤ ਤੇ ਸੋਸ਼ਲ ਸਾਇੰਸ ਸਣੇ ਪੰਜ ਵਿਸ਼ੇ ਹੁੰਦੇ ਹਨ ਪਰ ਹੁਣ ਤੋਂ ਵਿਦਿਆਰਥੀ ਸਕਿੱਲ ਕੋਰਸ ਨੂੰ ਛੇਵੇਂ ਵਿਸ਼ੇ ਵਜੋਂ ਲੈ ਸਕਦੇ ਹਨ। ਜੇ ਕੋਈ ਬੱਚਾ ਇਲੈਕਟਿਵ ਵਿਚ ਫੇਲ੍ਹ ਹੋ ਜਾਂਦਾ ਹੈ ਤਾਂ ਛੇਵੇਂ ਵਿਸ਼ੇ ਸਕਿੱਲ ਕੋਰਸ ਦੇ ਅੰਕ ਪ੍ਰੀਖਿਆ ਦੇ ਨਤੀਜੇ ਵਿਚ ਜੋੜੇ ਜਾ ਸਕਦੇ ਹਨ ਪਰ ਜੇ ਬੱਚਾ ਇਲੈਕਟਿਵ ਵਿਸ਼ਿਆਂ ਵਿਚ ਰੀਅਪੀਅਰ ਦੀ ਸਹੂਲਤ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਵੀ ਖੁੱਲ੍ਹ ਹੋਵੇਗੀ। ਇਲੈਕਟਿਵ ਦੀ ਤਰ੍ਹਾਂ ਸਕਿੱਲ ਵਿਸ਼ਾ ਵੀ 100 ਨੰਬਰਾਂ ਦਾ ਹੀ ਹੋਵੇਗਾ।