ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਸਤੰਬਰ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਨੌਜਵਾਨ ਬਾਲਗਾਂ ਦੇ ਮਨੋਬਲ ਨੂੰ ਹੁਲਾਰਾ ਦੇਣ ਲਈ ਕਲਾ ਉਤਸਵ ‘ਦਿ ਆਰਟ-ਫੈਸਟੀਵਲ ਫਾਰ ਇਨਕਲੂਜ਼ਨ’ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਸੈਕਟਰ-10 ਵਿੱਚ ਕਰਵਾਇਆ ਗਿਆ। ਆਰਟ-ਫੈਸਟੀਵਲ ਵਿੱਚ 100 ਤੋਂ ਵੱਧ ਵਿਸ਼ੇਸ਼ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੇ ਪੂਰੇ ਦਿਲ ਨਾਲ ਪੇਪਰ ’ਤੇ ਆਪਣੀਆਂ ਕਲਪਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦਰਸ਼ਕਾਂ ਲਈ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸੀਆਈਆਈ-ਆਈਡਬਲਿਊਐੱਨ ਦੀ ਚੇਅਰਪਰਸਨ ਨਗੀਨਾ ਬੈਂਸ ਨੇ ਕਿਹਾ ਕਿ ‘ਟੈਫੀ’ ਆਪਣੀ ਕਿਸਮ ਦੀ ਇੱਕ ਕੋਸ਼ਿਸ਼ ਹੈ, ਜੋ ਵੱਖ-ਵੱਖ ਕਾਬਲੀਅਤਾਂ ਵਾਲੇ ਇਨ੍ਹਾਂ ਸੁੰਦਰ ਬੱਚਿਆਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਗਲੇ ਲਗਾਉਣ, ਉਨ੍ਹਾਂ ਨਾਲ ਘੁਲਣ-ਮਿਲਣ, ਸ਼ਿਲਪਕਾਰੀ, ਸਮਾਂ ਅਤੇ ਸਭ ਤੋਂ ਵੱਧ ਦਿਲਾਂ ਦੇ ਆਪਸੀ ਮੇਲ-ਜੋਲ ਲਈ ਹੋਂਦ ਵਿੱਚ ਆਈ ਹੈ। ਆਰਟ-ਫੈਸਟੀਵਲ ਦੀ ਸਮਾਪਤੀ ਵਰਲਡ ਆਫ਼ ਟੇਲੈਂਟ (ਦਿੱਲੀ ਦੇ ਢੋਲਕ) ਵੱਲੋਂ ਇੱਕ ਮਨਮੋਹਕ ‘ਡਰੱਮ ਪ੍ਰਦਰਸ਼ਨ’ ਨਾਲ ਹੋਈ। ਇਸ ਨੇ ਸਮਾਗਮ ਦੀ ਸ਼ੋਭਾ ਹੋਰ ਵਧਾ ਦਿੱਤੀ ਅਤੇ ਸਾਰੇ ਚਿਹਰਿਆਂ ’ਤੇ ਮੁਸਕਰਾਹਟ ਛੱਡ ਦਿੱਤੀ।