ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 20 ਸਤੰਬਰ
ਸਥਾਨਕ ਸਰਕਾਰਾਂ ਵਿਭਾਗ ਨੇ ਸਬ-ਡਿਵੀਜ਼ਨ ਡੇਰਾਬੱਸੀ ’ਚ ਉਸਾਰੇ ਪੰਜ ਨੇਚਰ ਪਾਰਕਾਂ ਨੂੰ ਵਿਕਸਤ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਸਿੱਟੇ ਵਜੋਂ ਲੰਘੀ ਅਕਾਲੀ-ਭਾਜਪਾ ਸਰਕਾਰ ਵੇਲੇ ਉਸਾਰੇ ਪੰਜ ਨੇਚਰ ਪਾਰਕਾਂ ਵਿੱਚ ਪਹਿਲਾਂ ਲੱਗੇ ਕਰੋੜਾਂ ਰੁਪਏ ਹੁਣ ਮਿੱਟੀ ਹੋ ਰਹੇ ਹਨ। ਪਾਰਕਾਂ ਦੀ ਦੇਖ-ਰੇਖ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਐਨੀ ਮਾੜੀ ਹੋ ਗਈ ਹੈ, ਜਿਥੇ ਲੋਕਾਂ ਦੇ ਬੈਠਣ ਲਈ ਬੈਂਚ, ਬੱਚਿਆਂ ਦੇ ਖੇਡਣ ਲਈ ਝੁੱਲੇ, ਪੈਦਲ ਚਲਣ ਲਈ ਟਰੈਕ ਟੁੱਟ ਗਿਆ ਅਤੇ ਸਾਫ ਸਫਾਈ ਨਾ ਹੋਣ ਕਾਰਨ ਵੱਡੀ ਵੱਡੀ ਝਾੜੀਆਂ ਉੱਗ ਗਈਆਂ ਹਨ।
ਜਾਣਕਾਰੀ ਅਨੁਸਾਰ ਲੰਘੀ ਅਕਾਲੀ-ਭਾਜਪਾ ਸਰਕਾਰ ਵੇਲੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਵੱਲੋਂ ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਜੰਗਲਾਤ ਵਿਭਾਗ ਦੇ ਖੇਤਰ ਵਿੱਚ ਪੰਜ ਨੇਚਰ ਪਾਰਕਾਂ ਦੀ ਉਸਾਰੀ ਕੀਤੀ ਸੀ। ਇਨ੍ਹਾਂ ਵਿੱਚ ਤਿੰਨ ਪਾਰਕ ਡੇਰਾਬੱਸੀ ਅਤੇ ਦੋ ਪਾਰਕ ਜ਼ੀਰਕਪੁਰ ’ਚ ਵਿਕਸਤ ਕੀਤੇ ਗਏ ਸੀ। ਉਸ ਵੇਲੇ ਸਾਈਨ ਐੱਮ.ਓ.ਯੂ. ਮੁਤਾਬਕ ਇਨ੍ਹਾਂ ਪਾਰਕਾਂ ਦੀ ਦੇਖ-ਰੇਖ ’ਤੇ ਸਾਰਾ ਖਰਚ ਗਮਾਡਾ ਅਤੇ ਸਬੰਧਿਤ ਨਗਰ ਕੌਂਸਲ ਵੱਲੋਂ ਜੰਗਲਾਤ ਵਿਭਾਗ ਨੂੰ ਖਰਚ ਕਰਨੇ ਸੀ ਪਰ ਜੰਗਲਾਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਚਾਰ ਸਾਲਾ ਵਿੱਚ ਹੋਏ ਕਰਾਰ ਮੁਤਾਬਕ ਸਬੰਧਤ ਕੌਂਸਲਾਂ ਅਤੇ ਗਮਾਡਾ ਵੱਲੋਂ ਇਕ ਰੁਪਇਆ ਵੀ ਜਾਰੀ ਨਹੀਂ ਕੀਤਾ ਗਿਆ।
ਜ਼ਿਲ੍ਹਾ ਜੰਗਲਾਤ ਅਫਸਰ ਗੁਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਰਾਰ ਮੁਤਾਬਕ ਗਮਾਡਾ ਅਤੇ ਜ਼ੀਰਕਪੁਰ ਤੇ ਡੇਰਾਬੱਸੀ ਕੌਂਸਲ ਵੱਲੋਂ ਵਾਰ ਵਾਰ ਚਿੱਠੀ ਪੱਤਰ ਲਿਖਣ ਦੇ ਬਾਵਜੂਦ ਇਕ ਰੁਪਇਆ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਪਾਰਕਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਸਥਾਨਕ ਲੋਕਾਂ ਅਤੇ ਐੱਨਜੀਓ ਦੀ ਮਦਦ ਨਾਲ ਪਾਰਕਾਂ ਨੂੰ ਆਪਣੇ ਪੱਧਰ ’ਤੇ ਠੀਕ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਕਤ ਵਿਭਾਗ ਕੋਈ ਪੈਸਾ ਜਾਰੀ ਨਹੀਂ ਕਰ ਰਹੇ ਹਨ।
ਵਿਕਾਸ ਕਰਨ ਵਿੱਚ ਕਾਂਗਰਸ ਸਰਕਾਰ ਅਸਫਲ: ਐੱਨਕੇ ਸ਼ਰਮਾ
ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਹੋਰ ਤਾਂ ਵਿਕਾਸ ਕੀ ਕਰਨੇ ਸੀ ਸਗੋਂ ਪਹਿਲਾਂ ਕੀਤੇ ਵਿਕਾਸ ਕੰਮ ਜਿਨ੍ਹਾਂ ਵਿੱਚ ਨੇਚਰ ਪਾਰਕਾਂ ਦੀ ਦੇਖਰੇਖ ਕਰਨ ਵਿੱਚ ਨਾਕਾਮਯਾਬ ਹੋ ਰਹੀ ਹੈ।