ਹਰਜੀਤ ਸਿੰਘ
ਜ਼ੀਰਕਪੁਰ, 11 ਅਗਸਤ
ਇਥੋਂ ਦੇ ਬਲਟਾਣਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲਣ ਦੇ ਮਾਮਲੇ ਵਿੱਚ ਹੁਣ ਕੁਝ ਕਮੀ ਆਉਣੀ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਵੱਲੋਂ ਕੱਲ੍ਹ ਦੂਸ਼ਿਤ ਪਾਣੀ ਦੀ ਹੋ ਰਹੀ ਲੀਕੇਜ ਬੰਦ ਕਰਵਾਏ ਜਾਣ ਮਗਰੋਂ ਅੱਜ ਪਹਿਲਾਂ ਨਾਲੋਂ ਘੱਟ ਨਵੇਂ ਮਰੀਜ਼ ਸਾਹਮਣੇ ਆਏ ਹਨ।
ਬਲਟਾਣਾ ਦੀ ਏਕਤਾ ਵਿਹਾਰ, ਰਵਿੰਦਰਾ ਐਨਕਲੇਵ ਅਤੇ ਸਦਾਸ਼ਿਵ ਅਨੈਕਲੇਵ ਕਲੋਨੀਆਂ ਵਿੱਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲ ਗਿਆ ਸੀ ਜਿਸ ਕਾਰਨ ਇੱਥੇ ਇਕ ਤਿੰਨ ਸਾਲਾ ਬੱਚੀ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਬਿਮਾਰ ਹੋ ਗਏ ਸਨ। ਕੱਲ੍ਹ ਤੱਕ ਇੱਥੇ 231 ਮਰੀਜ਼ ਸਾਹਮਣੇ ਆ ਚੁੱਕੇ ਸਨ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਨ੍ਹਾਂ ਨੂੰ ਮੁਹਾਲੀ ਦੇ ਫੇਜ਼- 6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਚਾਰੋਂ ਮਰੀਜ਼ਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਘਟਣ ਮਗਰੋਂ ਸਿਹਤ ਵਿਭਾਗ ਵੱਲੋਂ ਇੱਥੇ ਲਗਾਇਆ ਗਿਆ ਸਿਹਤ ਜਾਂਚ ਕੈਂਪ ਅੱਜ ਬੰਦ ਕਰ ਦਿੱਤਾ ਗਿਆ। ਅੱਜ ਸਾਹਮਣੇ ਆਏ 20 ਨਵੇਂ ਮਰੀਜ਼ ਵੀ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਨਗਰ ਕੌਂਸਲ ਵੱਲੋਂ ਉਕਤ ਸੁਸਾਇਟੀਆਂ ਵਿੱਚ ਅਜੇ ਵੀ ਟੈਂਕਰ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਏਕਤਾ ਵਿਹਾਰ ਕਲੋਨੀ ਵਿੱਚ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਉਸ ਵਿੱਚ ਸੀਵਰੇਜ ਦਾ ਦੂਸ਼ਿਤ ਪਾਣੀ ਰਲ ਰਿਹਾ ਸੀ ਜਿਸ ਨੂੰ ਕੱਲ੍ਹ ਠੀਕ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਿੰਨ ਥਾਵਾਂ ’ਤੇ ਅੱਜ ਹੋਰ ਲੀਕੇਜ ਮਿਲੀ ਸੀ ਜਿਨ੍ਹਾਂ ਨੂੰ ਠੀਕ ਕਰਵਾ ਦਿੱਤਾ ਗਿਆ ਹੈ।
ਡੇਰਾਬੱਸੀ ਨਗਰ ਕੌਂਸਲ ਨਹੀਂ ਲੈ ਰਹੀ ਸ਼ਿਵਪੁਰੀ ਕਲੋਨੀ ਦੀ ਸਾਰ
ਡੇਰਾਬੱਸੀ: ਇੱਥੋਂ ਦੇ ਵਾਰਡ ਨੰਬਰ 5 ਅਧੀਨ ਪੈਂਦੀ ਸ਼ਿਵਪੁਰੀ ਕਲੋਨੀ ਦੀ ਇਕ ਗਲੀ ਵਿੱਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲਣ ਦੇ ਮਾਮਲੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਲਾਪ੍ਰਵਾਹੀ ਵਰਤ ਰਿਹਾ ਹੈ। ਗਲੀ ਵਿੱਚ ਹੈਜ਼ੇ ਦੇ ਦਰਜਨਾਂ ਮਰੀਜ਼ ਸਾਹਮਣੇ ਆਉਣ ਮਗਰੋਂ ਵੀ ਨਗਰ ਕੌਂਸਲ ਦੇ ਅਧਿਕਾਰੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਹੇ ਹਨ। ਗਲੀ ਵਿੱਚ ਅਜੇ ਵੀ ਸੀਵਰੇਜ ਜਾਮ ਹੋਣ ਕਾਰਨ ਗਲੀ ਵਿੱਚ ਦੂਸ਼ਿਤ ਪਾਣੀ ਵਗ ਰਿਹਾ ਹੈ। ਗਲੀ ਦੇ ਵਸਨੀਕਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇੱਥੋਂ ਦਾ ਦੌਰਾ ਕਰ ਕੇ ਕੌਂਸਲ ਨੂੰ ਸਾਫ ਪਾਣੀ ਟੈਂਕਰਾਂ ਰਾਹੀਂ ਸਪਲਾਈ ਕਰਨ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉੱਧਰ, ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਸੀਵਰੇਜ ਲਾਈਨ ਨੂੰ ਖੁੱਲ੍ਹਵਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਗਲੀ ਵਿੱਚ ਸਾਫ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾਣਗੇ।