ਪੀ. ਪੀ. ਵਰਮਾ
ਪੰਚਕੂਲਾ 3, ਅਗਸਤ
ਪੰਚਕੂਲਾ ਵਿਚ ਇਕ ਵਾਰ ਫਿਰ ਕਰੋਨਾ ਧਮਾਕਾ ਹੋਇਆ। ਇਕੋ ਦਿਨ ’ਚ 64 ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇਹ ਕੇਸ ਪੰਚਕੂਲਾ ਦੇ ਰਾਏਪੁਰ ਰਾਣੀ, ਨਾਨਕਪੁਰ, ਮਦਵਾਲਾ, ਪਿੰਜੌਰ ਅਤੇ ਸੈਕਟਰ 21 ਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਵਿੱਚ ਕਰੋਨਾ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ ਅੱਜ ਵਧ ਕੇ 1160 ਹੋ ਗਿਆ। ਅੱਜ 43 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ 43 ਹੋਰ ਮਰੀਜ਼ ਬਾਪੂ ਧਾਮ ਕਲੋਨੀ, ਬੁੜੈਲ, ਮਲੋਇਆ, ਕਜਹੇੜੀ, ਮਨੀਮਾਜਰਾ, ਖੁੱਡਾ ਲਾਹੌਰਾ, ਰਾਏਪੁਰ ਖੁਰਦ, ਧਨਾਸ, ਰਾਮਦਰਬਾਰ, ਬੁਟਰੇਲਾ, ਸੈਕਟਰ 7, 8, 10, 20, 22, 23, 25, 34, 35, 38, 41, 45, 51, 56 ਦੇ ਵਸਨੀਕ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 433 ਹੋ ਗਈ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਦੇ ਸੋਮਵਾਰ ਨੂੰ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 959 ’ਤੇ ਪਹੁੰਚ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ 17 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-66 ਵਿੱਚ 29 ਸਾਲਾ ਔਰਤ, ਸੈਕਟਰ-69 ਵਿੱਚ 27 ਸਾਲਾ ਔਰਤ, ਸੈਕਟਰ-91 ਵਿੱਚ 34 ਸਾਲਾ ਪੁਰਸ਼, ਪਿੰਡ ਸ਼ਾਹੀਮਾਜਰਾ ਵਿੱਚ 26 ਸਾਲਾ ਨੌਜਵਾਨ, ਪਿੰਡ ਬਲੌਂਗੀ ਵਿੱਚ 19 ਸਾਲ ਦੀ ਲੜਕੀ, ਈਕੋਸਿਟੀ ਵਿੱਚ 35 ਸਾਲਾ ਪੁਰਸ਼ ਤੇ 60 ਸਾਲ ਦੀ ਔਰਤ, ਨਵਾਂ ਗਾਉਂ ਵਿੱਚ 25 ਸਾਲ ਦੀ ਲੜਕੀ, ਓਮੈਕਸ ਨਿਊ ਚੰਡੀਗੜ੍ਹ ਵਿੱਚ 30 ਸਾਲ ਅਤੇ 65 ਸਾਲ ਦੀਆਂ ਦੋ ਔਰਤਾਂ, ਪਿੰਡ ਬਲਟਾਣਾ ਦਾ 38 ਸਾਲਾ ਪੁਰਸ਼, ਐਸਬੀਪੀ ਹੋਮਜ਼ ਖਰੜ ਵਿੱਚ 33 ਸਾਲ ਦੀ ਔਰਤ ਅਤੇ ਸੰਨੀ ਇਨਕਲੇਵ ਵਿੱਚ 48 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਕੇਸ ਘਟਣ ਨਾਲ ਅੰਬਾਲਾ ਨੂੰ ਕੁਝ ਰਾਹਤ
ਅੰਬਾਲਾ (ਰਤਨ ਸਿੰਘ ਢਿੱਲੋਂ): 3 ਅਗਸਤਅੱਜ ਅੰਬਾਲਾ ਜ਼ਿਲ੍ਹੇ ਵਿਚ 9 ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਸਿਹਤ ਵਿਭਾਗ ਨੇ ਸੁਖ ਦਾ ਸਾਹ ਲਿਆ ਹੈ।ਛਾਉਣੀ ਦੀ ਹਰਗੋ ਲਾਲ ਰੋਡ ਤੋਂ 74 ਸਾਲਾ ਮਹਿਲਾ, 6 ਸਾਲ ਦਾ ਬੱਚਾ ਅਤੇ 32 ਸਾਲ ਦਾ ਨੌਜਵਾਨ ਕਰੋਨਾ ਪਾਜ਼ੇਟਿਵ ਮਿਲੇ ਹਨ ਜੋ ਪਹਿਲਾਂ ਤੋਂ ਕਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਨਾਲ ਬੀਮਾਰ ਹੋਏ ਹਨ।ਇਨ੍ਹਾਂ ਤੋਂ ਬਿਨਾ 6 ਮਰੀਜ਼ ਅੰਬਾਲਾ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੋਂ ਮਿਲੇ ਹਨ।ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਠੀਕ ਹੋਣ ਵਾਲੇ 38 ਮਰੀਜ਼ ਡਿਸਚਾਰਜ ਵੀ ਕੀਤੇ ਗਏ ਹਨ ਅਤੇ ਹੁਣ ਠੀਕ ਹੋਣ ਵਾਲਿਆਂ ਦੀ ਗਿਣਤੀ 1398 ਹੋ ਗਈ ਹੈ ਜਦੋਂ ਕਿ ਕੁਲ ਐਕਟਿਵ ਮਰੀਜ਼ 295 ਰਹਿ ਗਏ ਹਨ।