ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਜੂਨ
ਕੇਂਦਰੀ ਲੋਕ ਸੇਵਾ ਕਮਿਸ਼ਨ ਵੱਲੋਂ ਅੱਜ ਸਿਵਲ ਸੇਵਾਵਾਂ ਦੀ ਸ਼ੁਰੂਆਤੀ ਪ੍ਰੀਖਿਆ ਕਰਵਾਈ ਗਈ। ਇਹ ਪ੍ਰੀਖਿਆ ਦੋ ਪੜਾਵਾਂ ਵਿੱਚ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਵਿੱਚ ਹੋਈ। ਵਿਦਿਆਰਥੀਆਂ ਅਨੁਸਾਰ ਇਹ ਪ੍ਰੀਖਿਆ ਪਿਛਲੇ ਸਾਲ ਨਾਲੋਂ ਔਖੀ ਸੀ ਜਿਸ ਕਾਰਨ ਜ਼ਿਆਦਾਤਰ ਵਿਦਿਆਰਥੀ ਪ੍ਰੀਖਿਆ ਕੇਂਦਰਾਂ ਤੋਂ ਨਿਰਾਸ਼ ਹੋ ਕੇ ਵਾਪਸ ਆਏ। ਸਰਕਾਰੀ ਕਾਲਜ ਸੈਕਟਰ 50 ਵਿੱਚ ਇਕ ਵਿਦਿਆਰਥੀ ਦੇ ਲੇਟ ਪੁੱਜਣ ਕਾਰਨ ਰੌਲਾ ਪਿਆ ਪਰ ਵਿਦਿਆਰਥੀ ਨੂੰ ਬਾਅਦ ਵਿੱਚ ਅੰਦਰ ਜਾਣ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਪ੍ਰੀਖਿਆ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਅਤੇ ਬਾਅਦ ਦੁਪਹਿਰ ਦੇ 2.30 ਵਜੇ ਤੋਂ 4.30 ਵਜੇ ਤੱਕ ਹੋਈ। ਸਾਰੇ ਕੇਂਦਰਾਂ ਵਿੱਚ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕੇਂਦਰ ਵਿੱਚ ਦਾਖਲ ਹੋਣ ਦਿੱਤਾ ਗਿਆ।
ਸਰਕਾਰੀ ਕਾਲਜ ਸੈਕਟਰ-50 ਵਿੱਚ ਪ੍ਰੀਖਿਆ ਦੇਣ ਆਈ ਉਮੀਦਵਾਰ ਕੋਮਲ ਨੇ ਦੱਸਿਆ ਕਿ ਅੱਜ ਦਾ ਪਹਿਲਾ ਪੇਪਰ ਆਸਾਨ ਸੀ ਪਰ ਦੂਜਾ ਪੇਪਰ ਕਾਫੀ ਔਖਾ ਸੀ ਅਤੇ ਪ੍ਰੀਖਿਆ ਵਿੱਚ ਆਮ ਵਿਗਿਆਨ ਤੇ ਚਲੰਤ ਮੁੱਦਿਆਂ ਬਾਰੇ ਜ਼ਿਆਦਾ ਸਵਾਲ ਆਏ। ਚੰਡੀਗੜ੍ਹ ਦੀ ਚਾਣਕਿਆ ਆਈਏਐਸ ਅਕਾਦਮੀ ਦੀ ਮੁਖੀ ਗੁਰਨੀਤ ਚੱਢਾ ਨੇ ਦੱਸਿਆ ਕਿ ਅੱਜ ਦੀ ਪ੍ਰੀਖਿਆ ਪਿਛਲੇ ਸਾਲ ਨਾਲੋਂ ਕਾਫੀ ਔਖੀ ਸੀ।