ਮਿਹਰ ਸਿੰਘ
ਕੁਰਾਲੀ, 29 ਅਗਸਤ
ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਹਲਕਾ ਖਰੜ ਨੂੰ ਵਿਕਾਸ ਦੇ ਪੱਖੋਂ ਮੋਹਰੀ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ। ਬੀਬਾ ਮਾਨ ਅੱਜ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲੇ ਮੌਕੇ ਨਤਮਸਤਕ ਹੋਣ ਪੁੱਜੇ ਸਨ। ਇਸ ਮੌਕੇ ਬੀਬਾ ਮਾਨ ਨੇ ਕਿਹਾ ਕਿ ਖਰੜ ਹਲਕਾ ਭਾਵੇਂ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਿਆ ਹੋਇਆ ਹੈ ਪਰ ਪਿਛਲੀਆਂ ਸਰਕਾਰਾਂ ਨੇ ਹਲਕੇ ਦੇ ਵਿਕਾਸ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਤਤਪਰ ਹੈ ਅਤੇ ਇਸ ਮਨੋਰਥ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਬੀਬਾ ਮਾਨ ਨੇ ਕਿਹਾ ਕਿ ਹਲਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਉਨ੍ਹਾਂ ਦੇ ਧਿਆਨ ਵਿੱਚ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਨੂੰ ਸਰਕਾਰ ਵਲੋਂ ਜਿੱਥੇ ਸਮੁੱਚੇ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉੱਥੇ ਉਹ ਹਲਕੇ ਲਈ ਵੀ ਦਿਨ ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਹੀ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਕਸੂਤੀ ਸਥਿਤੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਛੇਤੀ ਹੀ ਮੀਟਿੰਗ ਕਰਕੇ ਵਿਊਂਤਬੰਦੀ ਕੀਤੀ ਜਾਵੇਗੀੇ ਤਾਂ ਜੋ ਸ਼ਹਿਰ ਦਾ ਬਗੈਰ ਵਿਤਕਰੇ ਅਤੇ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ, ਅਵਤਾਰ ਕਲਸੀ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਲਾਲੜੂ ’ਚ ਸਥਾਪਤ ਹੋਵੇਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟਰੇਨਿੰਗ ਇੰਸਟੀਚਿਉੂਟ: ਡਾ. ਨਿੱਝਰ
ਲਾਲੜੂ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਲਾਲੜੂ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟਰੇਨਿੰਗ ਇੰਸਟੀਚਿਉੂਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਉਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਇੰਸਟੀਚਿਉੂਟ ਹੋਵੇਗਾ, ਜੋ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦੇਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਹ ਹਾਈਟੈਕ ਇੰਸਟੀਚਿਉੂਟ ਲਾਲੜੂ ਕਸਬੇ ਅੰਦਰ 20 ਏਕੜ ਰਕਬੇ ਵਿੱਚ ਬਣਨ ਵਾਲਾ ਹੈ, ਜੋ ਭਾਰਤ ਸਰਕਾਰ ਨੂੰ ਮਾਨਤਾ ਪ੍ਰਾਪਤ ਹੋਵੇਗਾ ਅਤੇ ਪੰਜਾਬ ਫਾਇਰ ਐਂਡ ਐਮਰਜੇੈਂਸੀ ਸਰਵਿਸਿਜ ਵਿਭਾਗ ਦੇ ਅਧੀਨ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਉੂਟ ਵਿੱਚ ਅਤਿ ਆਧੁਨਿਕ ਤਕਨੀਕਾਂ ਦੇ ਕੋਰਸ ਕਰਵਾਏ ਜਾਣਗੇ। ਸ੍ਰੀ ਨਿੱਝਰ ਨੇ ਦੱਸਿਆ ਕਿ ਇਹ ਟਰੈਨਿੰਗ ਇੰਟਰਨੈਸ਼ਨਲ ਪੱਧਰ ਦੇ ਟਰੇਡ ਇੰਸਟਰਕਟਰਾਂ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਦੇ ਖੁੱਲ੍ਹਣ ਨਾਲ ਨੌਜਵਾਨਾ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਫਾਇਰ ਸਰਵਿਸਿਜ਼ ਵਿੱਚ ਪਹਿਲਾਂ ਤੋਂ ਸੇਵਾ ਨਿਭਾ ਰਹੇ ਅਧਿਕਾਰੀ ਤੇ ਕਰਮਚਾਰੀ ਇਥੋਂ ਐਡਵਾਂਸ ਕੋਰਸ ਕਰ ਸਕਣਗੇ। ਇਸ ਨਾਲ ਉਨ੍ਹਾਂ ਨੂੰ ਵਿਭਾਗੀ ਤਰੱਕੀ ਦੇ ਮੌਕੇ ਵੀ ਉਪਲਬਧ ਹੋਣਗੇ।