ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਪਰੈਲ
ਪੰਜਾਬ ਸਰਕਾਰ ਦੇ ਕਣਕ ਦੀ ਖਰੀਦ ਤੋਂ 72 ਘੰਟਿਆਂ ਬਾਅਦ ਅਦਾਇਗੀ ਕਰਨ ਦੇ ਦਾਅਵੇ ਠੁੱਸ ਹੋ ਗਏ ਹਨ। ਮਾਰਕੀਟ ਕਮੇਟੀ ਬਨੂੜ ਅਧੀਨ ਮੰਡੀਆਂ ’ਚੋਂ ਐੱਫ਼ਸੀਆਈ, ਪਨਗਰੇਨ, ਮਾਰਕਫੈੱਡ, ਵੇਅਰਹਾਊਸ ਤੇ ਪਨਸਪ ਵੱਲੋਂ 15 ਅਪਰੈਲ ਤੱਕ 24,66,57,750 ਰੁਪਏ ਦੀ ਕਣਕ ਖਰੀਦੀ ਜਾ ਚੁੱਕੀ ਹੈ ਪਰ ਛੇ ਦਿਨਾਂ ਮਗਰੋਂ ਵੀ ਹਾਲੇ ਤੱਕ ਕਿਸੇ ਕਿਸਾਨ ਨੂੰ ਕੋਈ ਅਦਾਇਗੀ ਨਹੀਂ ਹੋਈ ਹੈ। ਦੂਜੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਆਈ ਫ਼ਾਰਮ ਰਜਿਸਟਰਡ ਕਰਨ ’ਚ ਮੁਸ਼ਕਲਾਂ ਆਉਣ ਕਾਰਨ ਅਦਾਇਗੀ ’ਚ ਦੇਰੀ ਹੋ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ ਪੁਨੀਤ ਜੈਨ ਨੇ ਆਖਿਆ ਕਿ ਬੈਂਕ ਦੇ ਓਟੀਪੀ ਦੀ ਸ਼ਰਤ ਖਤਮ ਹੋ ਗਈ ਹੈ ਤੇ ਇੱਕ ਦੋ ਦਿਨਾਂ ’ਚ ਸਾਰਾ ਕੁਝ ਸੁਚਾਰੂ ਹੋ ਜਾਵੇਗਾ।
ਉੱਧਰ ਕਿਸਾਨ ਸਭਾ ਨੇ ਦੋਸ਼ ਲਾਇਆ ਕਿ ਬਨੂੜ ਮੰਡੀ ਵਿੱਚ ਕਿਸਾਨਾਂ ਦੇ ਕਣਕ ਲਿਆਉਣ ’ਤੇ ਅਣਐਲਾਨੀ ਪਾਬੰਦੀ ਲਾ ਦਿੱਤੀ ਗਈ ਹੈ ਤੇ ਖ਼ਰੀਦ ਏਜੰਸੀਆਂ ਦੀ ਢਿੱਲੀ ਲਿਫ਼ਟਿੰਗ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ ਤੇ ਹੋਰਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨਾਲ ਮੀਟਿੰਗ ਕਰਕੇ ਅਦਾਇਗੀ ਤੇ ਲਿਫ਼ਟਿੰਗ ਸਣੇ ਹੋਰ ਮੁਸ਼ਕਲਾਂ ਹੱਲ ਕਰਨੀ ਦੀ ਅਪੀਲ ਕੀਤੀ।
ਮਾਰਕੀਟ ਕਮੇਟੀ ਨੇ ਕੋਈ ਪਾਬੰਦੀ ਨਹੀਂ ਲਗਾਈ: ਚੇਅਰਮੈਨ
ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਆਖਿਆ ਕਿ ਮੰਡੀ ਵਿੱਚ ਥਾਂ ਦੀ ਕਮੀ ਹੋਣ ਕਾਰਨ ਆੜ੍ਹਤੀਆਂ ਨੇ ਆਪਣੇ ਪੱਧਰ ’ਤੇ ਕਣਕ ਮੰਗਾਉਣੀ ਬੰਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਲਿਫ਼ਟਿੰਗ ਵਿੱਚ ਤੇਜ਼ੀ ਆ ਗਈ ਹੈ ਅਤੇ ਬੋਰੀਆਂ ਦੇ ਚੱਕੇ ਲਗਾ ਦਿੱਤੇ ਗਏ ਹਨ। ਸ਼ਨਿਚਰਵਾਰ ਤੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਆਵੇਗੀ ਤੇ ਅਦਾਇਗੀ ਵੀ ਜਲਦੀ ਹੋ ਜਾਵੇਗੀ।