ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਦਸੰਬਰ
ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮੁਆਫ਼ ਕਰਨ ਦੇ ਦਾਅਵੇ ਖੋਖਲੇ ਜਾਪ ਰਹੇ ਹਨ। ਪਾਵਰਕੌਮ ਨੇ ਹਾਲ ਹੀ ਵਿੱਚ ਮੁਹਾਲੀ ਨੇੜਲੇ ਪਿੰਡ ਝਿਊਰਹੇੜੀ ਦੇ ਗਰੀਬ ਵਰਗ ਨਾਲ ਸਬੰਧਤ ਲੋਕਾਂ ਨੂੰ ਕਈ-ਕਈ ਹਜ਼ਾਰ ਰੁਪਏ ਦੇ ਬਿਜਲੀ ਬਿੱਲ ਭੇਜੇ ਹਨ। ਪਿੰਡ ਵਾਸੀ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਕ ਕਿੱਲੋਵਾਟ ਦਾ ਮੀਟਰ ਲੱਗਾ ਹੋਇਆ ਹੈ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ 15 ਹਜ਼ਾਰ 960 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਇਸ ਵਿੱਚ ਕੁੱਝ ਪਿਛਲਾ ਬਕਾਇਆ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜ਼ਰੂਰਤਮੰਦਾਂ ਦੇ ਬਿਜਲੀ ਬਿੱਲ ਅਤੇ ਪਿਛਲੇ ਬਕਾਏ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰਿਆ ਪਰ ਹੁਣ ਪਾਵਰਕੌਮ ਨੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਬਿੱਲ ਬਣਾ ਕੇ ਭੇਜ ਦਿੱਤਾ ਹੈ।
ਪਿੰਡ ਦੇ ਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਿਛਲੇ ਬਕਾਏ ਸਮੇਤ 22 ਹਜ਼ਾਰ 120 ਰੁਪਏ ਦਾ ਬਿਜਲੀ ਬਿੱਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਪਾਵਰਕੌਮ ਨੂੰ ਲੋਕਾਂ ਦੇ ਫਾਰਮ ਭਰ ਕੇ ਭੇਜੇ ਗਏ ਸਨ ਪਰ ਕਿਸੇ ਵੀ ਜ਼ਰੂਰਤਮੰਦ ਦਾ ਬਿੱਲ ਮੁਆਫ਼ ਨਹੀਂ ਹੋਇਆ।
ਇਸੇ ਦੌਰਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਇਕ ਕਮਰੇ ਵਿੱਚ ਰਹਿੰਦਾ ਹੈ ਅਤੇ ਦਿਹਾੜੀ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ। ਪਿੱਛੇ ਜਿਹੇ ਉਨ੍ਹਾਂ ਨੇ 4500 ਰੁਪਏ ਬਿੱਲ ਭਰਿਆ ਸੀ ਤੇ ਹੁਣ ਫਿਰ ਬਿੱਲ ਆ ਗਿਆ ਹੈ। ਇਸੇ ਤਰ੍ਹਾਂ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ ਅਤੇ ਉਨ੍ਹਾਂ ਦੇ ਘਰ ਦਾ ਬਿੱਲ 10 ਹਜ਼ਾਰ ਰੁਪਏ ਆਇਆ ਹੈ। ਇਸੇ ਤਰ੍ਹਾਂ ਸਦਾ ਸਿੰਘ ਨੂੰ 28 ਹਜ਼ਾਰ 220 ਰੁਪਏ, ਅਮਰੀਕ ਸਿੰਘ ਨੂੰ 27 ਹਜ਼ਾਰ 940 ਰੁਪਏ, ਗੁਰਵਿੰਦਰ ਸਿੰਘ ਨੂੰ 19 ਹਜ਼ਾਰ 150 ਰੁਪਏ, ਤਰਸੇਮ ਸਿੰਘ ਨੂੰ 12 ਹਜ਼ਾਰ 850 ਰੁਪਏ ਤੇ ਰੁਪਿੰਦਰ ਕੌਰ ਨੂੰ 10 ਹਜ਼ਾਰ 940 ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਇੰਜ ਹੀ 8080 ਰੁਪਏ ਦਾ ਬਿੱਲ ਦੇਖ ਕੇ ਵਿਧਵਾ ਬਲਬੀਰ ਕੌਰ ਦੀ ਨੀਂਦ ਉੱਡਾ ਗਈ ਹੈ। ਕਰਨੈਲ ਕੌਰ ਨੂੰ ਵੀ 10 ਹਜ਼ਾਰ ਤੋਂ ਵੱਧ ਰਾਸ਼ੀ ਦਾ ਬਿੱਲ ਭੇਜਿਆ ਗਿਆ ਹੈ।
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੇ ਵਾਅਦੇ ਮੁਤਾਬਕ ਜ਼ਰੂਰਤਮੰਦ ਲੋਕਾਂ ਦੇ ਬਿਜਲੀ ਬਿੱਲ ਮੁਆਫ਼ ਕਰਨ।
ਬਿੱਲ ਦਰੁਸਤ ਕਰਨ ਦਾ ਭਰੋਸਾ
ਪਾਵਰਕੌਮ ਦੇ ਐਕਸੀਅਨ ਖੁਸ਼ਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ 2 ਕਿੱਲੋਵਾਟ ਤੱਕ ਦੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ। ਪਿੰਡ ਝਿਊਰਹੇੜੀ ਵਸਨੀਕਾਂ ਦੇ ਬਿਜਲੀ ਬਿੱਲਾਂ ਬਾਰੇ ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਦੇ ਖਾਤਿਆਂ ਦੇ ਰਿਕਾਰਡ ਵਿੱਚ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹੋ ਸਕਦਾ ਹੈ ਕਿ ਕੰਪਿਊਟਰ ਸਿਸਟਮ ਅਤੇ ਤਕਨੀਕੀ ਖ਼ਰਾਬੀ ਕਾਰਨ ਖਪਤਕਾਰਾਂ ਨੂੰ ਬਿੱਲ ਚਲੇ ਗਏ ਹੋਣ। ਉਨ੍ਹਾਂ ਭਰੋਸਾ ਦਿੱਤਾ ਕਿ ਸਬੰਧਤ ਖਪਤਕਾਰਾਂ ਦੇ ਬਿਜਲੀ ਬਿੱਲ ਠੀਕ ਕੀਤੇ ਜਾਣਗੇ।