ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਕਤੂਬਰ
ਅਜ਼ੀਜ਼ਪੁਰ ਟੌਲ ਪਲਾਜ਼ੇ ਉੱਤੇ ਬੀਤੀ ਰਾਤ ਟੌਲ ਮੁਲਾਜ਼ਮਾਂ ਅਤੇ ਪੈਪਸੂ ਰੋਡਵੇਜ਼ ਦੇ ਡਰਾਈਵਰਾਂ ਤੇ ਕੰਡਕਟਰਾਂ ਵਿਚਾਲੇ ਹੋਈ ਝੜਪ ਵਿੱਚ ਕੰਡਕਟਰ ਅਤੇ ਛੇ ਟੌਲ ਕਰਮੀ ਜ਼ਖ਼ਮੀ ਹੋ ਗਏ। ਪੈਪਸੂ ਦੇ ਮੁਲਾਜ਼ਮਾਂ ਵੱਲੋਂ ਇਸ ਮੌਕੇ ਲਗਾਏ ਜਾਮ ਕਾਰਨ ਰਾਤੀਂ ਸਾਢੇ ਨੌਂ ਵਜੇ ਤੋਂ ਲੈ ਕੇ ਸਾਢੇ ਬਾਰਾਂ ਵਜੇ ਤੱਕ ਕੌਮੀ ਮਾਰਗ ’ਤੇ ਆਵਾਜਾਈ ਠੱਪ ਰਹੀ, ਜਿਸ ਕਾਰਨ ਰਾਹਗੀਰਾਂ ਅਤੇ ਸਵਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਰਾਜਪੁਰਾ ਦੇ ਡੀਐੱਸਪੀ ਸੁਰਿੰਦਰ ਮੋਹਨ ਅਤੇ ਬਨੂੜ ਦੇ ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਪੁਲੀਸ ਪਾਰਟੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਪੈਪਸੂ ਮੁਲਾਜ਼ਮਾਂ ਨੂੰ ਸ਼ਾਂਤ ਕੀਤਾ ਅਤੇ ਕਾਰਵਾਈ ਦਾ ਭਰੋਸਾ ਦਵਾ ਕੇ ਜਾਮ ਖੁਲ੍ਹਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੈਪਸੂ ਰੋਡਵੇਜ਼ ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਜੋ ਟੌਲ ਪਲਾਜ਼ੇ ਤੋਂ ਵੀਆਈਪੀ ਲਾਈਨ ਰਾਹੀਂ ਲੰਘਣਾ ਚਾਹੁੰਦੀ ਸੀ। ਟੌਲ ਕਰਮੀਆਂ ਨਾਲ ਕਿਸੇ ਗੱਲੋਂ ਬੱਸ ਕੰਡਕਟਰ ਦਾ ਤਕਰਾਰ ਹੋ ਗਿਆ। ਇਸ ਮਗਰੋਂ ਆਲੇ-ਦੁਆਲੇ ਤੋਂ ਆਉਂਦੀਆਂ ਪੈਪਸੂ ਦੀਆਂ ਬੱਸਾਂ ਦੇ ਡਰਾਈਵਰ-ਕੰਡਕਟਰ ਇਕੱਤਰ ਹੋ ਗਏ ਤੇ ਉਨ੍ਹਾਂ ਜਾਮ ਲਗਾ ਦਿੱਤਾ। ਟੌਲ ਕਰਮੀਆਂ ਨੇ ਦੋਸ਼ ਲਗਾਇਆ ਕਿ ਬੱਸ ਦੇ ਕੰਡਕਟਰ ਨੇ ਪਹਿਲਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਬਾਅਦ ਵਿੱਚ ਇਕੱਠੇ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਿਸ ਨਾਲ ਉਨ੍ਹਾਂ ਦੇ ਛੇ ਸਾਥੀ ਜਸਬੀਰ ਸਿੰਘ, ਰਾਜ ਕੁਮਾਰ, ਅਭਿਸ਼ੇਕ ਖਾਨ, ਦੀਪਕ, ਸਤਨਾਮ ਸਿੰਘ ਤੇ ਮਹਿੰਦਰ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਬਨੂੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤੇ ਹੁਣ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜਨ। ਪੈਪਸੂ ਦੇ ਕੰਡਕਟਰ ਪਰਮਜੀਤ ਸਿੰਘ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿੱਚ ਦਾਖਲ ਹੈ। ਉਸ ਦਾ ਕਹਿਣਾ ਹੈ ਟੌਲ ਕਰਮੀਆਂ ਨੇ ਬੱਸ ਦੇ ਫਾਸਟ ਟੈਗ ਹੋਣ ਦੇ ਬਾਵਜੂਦ ਇਸ ਨੂੰ ਲੰਘਣ ਤੋਂ ਰੋਕਿਆ ਤੇ ਉਸ ਨਾਲ ਬਦਤਮੀਜ਼ੀ ਕੀਤੀ। ਉਸ ਦੀ ਵਰਦੀ ਪਾੜੀ ਤੇ ਕੁੱਟਮਾਰ ਕੀਤੀ ਅਤੇ ਉਸ ਦਾ ਫੋਨ ਖੋਹ ਕੇ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸਵਾਰੀਆਂ ਨੂੰ ਸਮੇਂ ਸਿਰ ਪਹੁੰਚਾਉਣ ਲਈ ਬੱਸ ਨੂੰ ਵੀਆਈਪੀ ਲਾਈਨ ਵਿੱਚੋਂ ਲੰਘਾਉਣ ਲਈ ਆਖਿਆ ਗਿਆ ਸੀ। ਉਨ੍ਹਾਂ ਪੈਪਸੂ ਕਰਮੀਆਂ ਵੱਲੋਂ ਟੌਲ ਕਰਮੀਆਂ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ।
ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੈਪਸੂ ਰੋਡਵੇਜ਼ ਦੇ ਕੰਡਕਟਰ ਦੀ ਸ਼ਿਕਾਇਤ ਉੱਤੇ ਟੌਲ ਦੇ ਛੇ ਅਣਪਛਾਤੇ ਕਰਮੀਆਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ।
ਜਾਮ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਐਂਬੂਲੈਂਸਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ ਤੇ ਜਾਮ ਖੁੱਲ੍ਹਣ ਮਗਰੋਂ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ।