ਕੁਲਦੀਪ ਸਿੰਘ
ਚੰਡੀਗੜ੍ਹ, 12 ਅਗਸਤ
ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ-32 ਦੇ ਕਾਰਡੀਓਲੋਜੀ ਵਿਭਾਗ ਨੇ ਹਸਪਤਾਲ ਵਿੱਚ ਪੈਡੀਐਟ੍ਰਿਕ ਕਾਰਡੀਓਲੋਜੀ ਅਤੇ ਐਰੀਥਮੀਆ ਕਲੀਨਿਕ ਸ਼ੁਰੂ ਕੀਤਾ ਹੈ। ਐਰੀਥਮੀਆ ਕਲੀਨਿਕ ਬੁੱਧਵਾਰ ਦੁਪਹਿਰ ਨੂੰ ਚੱਲੇਗਾ ਅਤੇ ਪੈਡੀਐਟ੍ਰਿਕ ਕਾਰਡੀਓਲੌਜੀ ਕਲੀਨਿਕ ਸ਼ਨੀਵਾਰ ਦੁਪਹਿਰ ਨੂੰ ਚੱਲੇਗਾ।
ਪ੍ਰਾਪਤ ਜਾਣਕਾਰੀ ਮੁਤਾਬਕ ਪੈਡੀਟਐਟ੍ਰਿਕ ਕਾਰਡੀਓਲੌਜੀ ਕਲੀਨਿਕ ਵਿੱਚ ਬੱਚਿਆਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਹ ਕਲੀਨਿਕ ਇਸ ਲਈ ਸ਼ੁਰੂ ਕੀਤੇ ਗਏ ਹਨ ਕਿਉਂਕਿ ਇਸ ਖੇਤਰ ਵਿੱਚ ਇਸ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੁਝ ਕੁ ਕੇਂਦਰ ਹੀ ਹਨ। ਇਸ ਨਵੀਂ ਸਹੂਲਤ ਦੇ ਸ਼ੁਰੂ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਇਲਾਜ ਵਿੱਚ ਸੁਧਾਰ ਹੋਵੇਗਾ।
ਐਰੀਥਮੀਆ ਕਲੀਨਿਕ ਰਾਹੀਂ ਦਿਲ ਦਾ ਸੰਤੁਲਨ ਵਿਗੜਨ ਕਰਕੇ ਧੜਕਣ ਸੰਬੰਧੀ ਆਈਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਵੇਗਾ। ਇਨ੍ਹਾਂ ਮਰੀਜ਼ਾਂ ’ਤੇ ਇਲੈਕਟ੍ਰੋ ਫਿਜੀਓਲੋਜੀਕਲ ਅਧਿਐਨ ਕਰਵਾਏ ਜਾਂਦੇ ਹਨ। ਇਸ ਦੇ ਇਲਾਜ ਲਈ ਰੇਡੀਓਫ੍ਰੀਕੁਐਂਸੀ ਐਬਲੇਸਨ ਉਹ ਢੰਗ ਹਨ, ਜੋ ਥਰ੍ਹੀ-ਡੀ ਮੈਪਿੰਗ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਅਪਣਾਏ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਪੈਡੀਆਟ੍ਰਿਕ ਕਾਰਡੀਓਲੋਜੀ ਇੱਕ ਅਜਿਹਾ ਖੇਤਰ ਹੈ ਜਿੱਥੇ ਸ਼ੁਰੂਆਤੀ ਪੜਾਅ ’ਤੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਕਿ ਦਿਲ ਦੀਆਂ ਬਿਮਾਰੀਆਂ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਰੋਕਦਾ ਹੈ। ਇਸ ਨਾਲ ਪੀਜੀਆਈ ਵਰਗੇ ਹੈਲਥ ਸੈਂਟਰ ’ਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਭਾਰ ਘਟੇਗਾ।
ਐੱਮਡੀ ਫਿਜੀਓਲੋਜੀ ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ: ਜੀਐੱਮਸੀਐੱਚ ਦੇ ਬੁਲਾਰੇ ਨੇ ਦੱਸਿਆ ਕਿ ਡੀਐਮ ਕਾਰਡੀਓਲੋਜੀ ਅਤੇ ਡੀਐਮ ਪਲਮੋਨਰੀ ਮੈਡੀਸਿਨ ਨੇ ਵੀ ਇਨ੍ਹਾਂ ਸੁਪਰ-ਸਪੈਸ਼ਲਾਈਜ਼ਡ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣਾ ਅਤੇ ਸਿਖਲਾਈ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਐੱਮਡੀ ਫਿਜੀਓਲੋਜੀ ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ ਵੀ ਭਾਰਤ ਸਰਕਾਰ ਤੋਂ ਮਿਲ ਚੁੱਕੀ ਹੈ।